ਜੱਟਪੁਰ ਮਾਰਗ ’ਤੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਦਾ ਨਿਰਮਾਣ ਜੰਗੀ ਪੱਧਰ ’ਤੇ ਜਾਰੀ ਜੱਟਪੁਰ ਮਾਰਗ ’ਤੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਦਾ ਨਿਰਮਾਣ ਜੰਗੀ ਪੱਧਰ ’ਤੇ ਜਾਰੀ
Publish Date: Fri, 23 Oct 2026 05:42 PM (IST)
Updated Date: Fri, 23 Oct 2026 05:43 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਨੂਰਪੁਰਬੇਦੀ ਤੋਂ ਜੱਟਪੁਰ ਮਾਰਗ ’ਤੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੱਡੇ ਨਿਕਾਸੀ ਨਾਲੇ ਦਾ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਜਾਰੀ ਹੈ। ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀਐੱਸਐੱਨਐੱਲ ਐਕਸਚੇਂਜ ਤੋਂ ਰਾਧਾ ਸੁਆਮੀ ਸਤਿਸੰਗ ਘਰ ਤੋਂ ਅੱਗੇ ਤੱਕ ਇਹ ਨਾਲਾ ਬਣਾਇਆ ਜਾ ਰਿਹਾ ਹੈ। ਲਗਭਗ 300 ਮੀਟਰ ਲੰਬੇ ਇਸ ਨਾਲੇ ਦੇ ਨਿਰਮਾਣ ਨਾਲ ਇਲਾਕੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਲੰਬੇ ਸਮੇਂ ਤੋਂ ਪੇਸ਼ ਆ ਰਹੀ ਸਮੱਸਿਆ ਦੇ ਹੱਲ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਸੜਕ ’ਤੇ ਪਹਿਲਾਂ ਛੋਟੇ ਪਾਈਪਾਂ ਰਾਹੀਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਪਾਈਪਾਂ ਦਾ ਆਕਾਰ ਛੋਟਾ ਹੋਣ ਕਾਰਨ ਉਨ੍ਹਾਂ ਵਿੱਚ ਅਕਸਰ ਗੰਦਗੀ ਫਸ ਜਾਂਦੀ ਸੀ, ਜਿਸ ਨਾਲ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੁੰਦੀ ਸੀ। ਇਸ ਕਾਰਨ ਕਈ ਵਾਰ ਗੰਦਾ ਪਾਣੀ ਸੜਕ ’ਤੇ ਆ ਜਾਂਦਾ ਸੀ ਅਤੇ ਰਾਹਗੀਰਾਂ ਤੇ ਆਸ-ਪਾਸ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਦੋਂ ਇਹ ਸਮੱਸਿਆ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਧਿਆਨ ਵਿੱਚ ਲਿਆਂਦੀ ਗਈ ਤਾਂ ਉਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੇ ਸਥਾਈ ਹੱਲ ਲਈ ਵੱਡਾ ਨਿਕਾਸੀ ਨਾਲਾ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਸਬੰਧਤ ਕੰਮ ਸ਼ੁਰੂ ਕਰਵਾਇਆ ਗਿਆ, ਜੋ ਹੁਣ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਨਵੇਂ ਨਾਲੇ ਦੇ ਬਣਨ ਨਾਲ ਪਾਣੀ ਦੀ ਨਿਕਾਸੀ ਪਹਿਲਾਂ ਨਾਲੋਂ ਸੁਚਾਰੂ ਹੋਣ ਦੀ ਸੰਭਾਵਨਾ ਹੈ। ਇਸ ਨਾਲ ਪਾਈਪਾਂ ਵਿੱਚ ਗੰਦਗੀ ਫਸਣ ਅਤੇ ਪਾਣੀ ਸੜਕ ’ਤੇ ਆਉਣ ਦੀ ਸਮੱਸਿਆ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਨਾਲ ਹੀ ਇਲਾਕੇ ਦੇ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਦੌਰਾਨ ਪੇਸ਼ ਆਉਂਦੀਆਂ ਮੁਸ਼ਕਿਲਾਂ ਤੋਂ ਵੀ ਰਾਹਤ ਮਿਲਣ ਦੀ ਉਮੀਦ ਹੈ। ਇਲਾਕਾ ਵਾਸੀਆਂ ਲਈ ਇਹ ਨਿਰਮਾਣ ਕਾਰਜ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਵਧੇਰੇ ਸਮਰੱਥ ਪ੍ਰਬੰਧ ਉਪਲਬਧ ਹੋਵੇਗਾ।