ਟਰੋਮਾ ਸੈਂਟਰ ਤੇ ਹਸਪਤਾਲ ਅਪਗ੍ਰੇਡ ਕਰਨ ਦੇ ਦਾਅਵੇ ਸਿਰਫ਼ ਫੋਕੀ ਸ਼ੌਹਰਤ : ਬਲਰਾਮ ਪਰਾਸ਼ਰ ਟਰੋਮਾ ਸੈਂਟਰ ਅਤੇ ਹਸਪਤਾਲ ਅਪਗ੍ਰੇਡ ਕਰਨ ਦੇ ਦਾਅਵੇ ਸਿਰਫ਼ ਫੋਕੀ ਸ਼ੋਹਰਤ ਦਾ ਨਾਟਕ: ਬਲਰਾਮ ਪਰਾਸ਼ਰ
Publish Date: Sun, 01 Nov 2026 04:58 PM (IST)
Updated Date: Sun, 01 Nov 2026 04:59 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਹਸਪਤਾਲ ਦੇ ਨਵੀਨੀਕਰਨ, ਅਪਗ੍ਰੇਡੇਸ਼ਨ ਤੇ ਟਰੋਮਾ ਸੈਂਟਰ ਸਥਾਪਿਤ ਕਰਨ ਲਈ ਟੈਂਡਰ ਜਾਰੀ ਕਰਨ ਦੇ ਦਾਅਵਿਆਂ ਤੇ ਭਾਜਪਾ ਦੇ ਨੌਜਵਾਨ ਆਗੂ ਬਲਰਾਮ ਪਰਾਸ਼ਰ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਹ ਦਾਅਵੇ ਸਿਰਫ਼ ਫੋਕੀ ਸ਼ੌਹਰਤ ਹਾਸਲ ਕਰਨ ਤੇ ਆਪਣੀ ਰਾਜਨੀਤਿਕ ਜ਼ਮੀਨ ਬਚਾਉਣ ਦੀ ਕੋਸ਼ਿਸ਼ ਹਨ। ਬਲਰਾਮ ਪਰਾਸ਼ਰ ਨੇ ਸਥਾਨਕ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਅਖ਼ਬਾਰੀ ਬਿਆਨਬਾਜ਼ੀ ਤੇ ਟੈਂਡਰਾਂ ਦੇ ਇਸ਼ਤਿਹਾਰਾਂ ਨਾਲ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਹਸਪਤਾਲ ਦੀਆਂ ਇਮਾਰਤਾਂ ਦਾ ਰੰਗ-ਰੋਗਨ ਕਰਨਾ ਸਿਹਤ ਸਹੂਲਤਾਂ ’ਚ ਸੁਧਾਰ ਨਹੀਂ ਹੈ। ਭਾਈ ਜੈਤਾ ਜੀ ਹਸਪਤਾਲ ’ਚ ਟਰੋਮਾ ਸੈਂਟਰ ਸਥਾਪਿਤ ਕਰਨ ਦੀ ਗੱਲ ਅਜੇ ਵੀ ਕਾਗਜ਼ਾਂ ਤੱਕ ਸੀਮਤ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਅੱਜ ਵੀ ਡਾਕਟਰਾਂ ਦੀ ਘਾਟ, ਬੁਨਿਆਦੀ ਸਿਹਤ ਸਹੂਲਤਾਂ ਤੇ ਜ਼ਰੂਰੀ ਦਵਾਈਆਂ ਦੀ ਕਮੀ ਕਾਰਨ ਪ੍ਰੇਸ਼ਾਨ ਹਨ। ਸਰਕਾਰ ਨੂੰ ਇਸ਼ਤਿਹਾਰਬਾਜ਼ੀ ਦੀ ਬਜਾਏ ਹਸਪਤਾਲਾਂ ’ਚ ਅਸਲ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਭਾਜਪਾ ਆਗੂ ਨੇ ਕਿਹਾ ਕਿ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਰਕਾਰ ਨੂੰ ਫੋਕੇ ਦਾਅਵੇ ਛੱਡ ਕੇ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ’ਚ ਲੋਕ ਇਸ ਦਾ ਢੁਕਵਾਂ ਜਵਾਬ ਦੇਣਗੇ।