ਸਿਵਲ ਸਰਜਨ ਵੱਲੋਂ ਸੀਐੱਚਸੀ ਭਰਤਗੜ੍ਹ ਦਾ ਅਚਨਚੇਤ ਦੌਰਾ, ਸਿਹਤ ਸੇਵਾਵਾਂ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ ਸਿਵਲ ਸਰਜਨ ਵੱਲੋਂ ਸੀਐਚਸੀ ਭਰਤਗੜ੍ਹ ਦਾ ਅਚਨਚੇਤ ਦੌਰਾ, ਸਿਹਤ ਸੇਵਾਵਾਂ ਅਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
Publish Date: Tue, 24 Nov 2026 04:21 PM (IST)
Updated Date: Tue, 24 Nov 2026 04:22 PM (IST)
ਪੁਸ਼ਪਿੰਦਰ ਗੋਲੀਆ, ਪੰਜਾਬੀ ਜਾਗਰਣ,ਘਨੌਲੀ: ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਵੱਲੋਂ ਕਮਿਊਨਿਟੀ ਹੈਲਥ ਸੈਂਟਰ (ਸੀ.ਐੱਚ.ਸੀ.) ਭਰਤਗੜ੍ਹ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ’ਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ, ਸਾਫ਼-ਸਫ਼ਾਈ ਤੇ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਦੌਰੇ ਦੌਰਾਨ ਸਿਵਲ ਸਰਜਨ ਵੱਲੋਂ ਓਪੀਡੀ, ਆਈਪੀਡੀ., ਐਮਰਜੈਂਸੀ ਵਿਭਾਗ, ਜਨਰਲ ਵਾਰਡ, ਬੀਐਚਯੂ. ਵਿਭਾਗ, ਫਾਰਮੇਸੀ, ਲੈਬਾਰਟਰੀ ਤੇ ਐਕਸ-ਰੇ ਵਿਭਾਗ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਉਨ੍ਹਾਂ ਨੇ ਹਸਪਤਾਲ ’ਚ ਸਾਫ਼-ਸਫ਼ਾਈ ਦੇ ਪ੍ਰਬੰਧਾਂ, ਮਰੀਜ਼ਾਂ ਲਈ ਉਪਲਬਧ ਸਹੂਲਤਾਂ ਤੇ ਸਟਾਫ਼ ਦੀ ਕਾਰਜਪ੍ਰਣਾਲੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਵੱਲੋਂ ਓਪੀਡੀ. ਤੇ ਆਈਪੀਡੀ. ਦੇ ਰਿਕਾਰਡ, ਐਮਰਜੈਂਸੀ ਸੇਵਾਵਾਂ ਨਾਲ ਸਬੰਧਤ ਰਜਿਸਟਰਾਂ ਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਡਾਕਟਰ ਉਰਮਲ ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਬਲਾਕ ਬੀ.ਐੱਲ.ਓ. ਤੇ ਮੁੱਖ ਮੰਤਰੀ ਸਿਹਤ ਯੋਜਨਾ (ਐਮ.ਐਮ.ਐਸ.ਵਾਈ.) ਨਾਲ ਸਬੰਧਤ ਰਿਪੋਰਟਾਂ ਦਾ ਵੀ ਨਿਰੀਖਣ ਕੀਤਾ ਗਿਆ। ਸਿਵਲ ਸਰਜਨ ਨੇ ਫਾਰਮੇਸੀ ਵਿਭਾਗ ’ਚ ਦਵਾਈਆਂ ਦੇ ਸਟਾਕ, ਸਟਾਕ ਰਜਿਸਟਰ, ਦਵਾਈਆਂ ਦੀ ਉਪਲਬਧਤਾ ਤੇ ਰਿਕਾਰਡ ਦੀ ਸਹੀ ਸਾਂਭ-ਸੰਭਾਲ ਦੀ ਜਾਂਚ ਕੀਤੀ। ਉਨ੍ਹਾਂ ਨੇ ਲੈਬਾਰਟਰੀ ਤੇ ਐਕਸ-ਰੇ ਵਿਭਾਗ ’ਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਲੋੜੀਂਦੇ ਰਿਕਾਰਡ ਦੀ ਵੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਿਹਤ ਕੇਂਦਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਹਸਪਤਾਲ ’ਚ ਸਾਫ਼-ਸਫ਼ਾਈ ਦੇ ਉੱਚ ਮਿਆਰ ਬਰਕਰਾਰ ਰੱਖੇ ਜਾਣ ਤੇ ਸਾਰੇ ਵਿਭਾਗਾਂ ਦਾ ਰਿਕਾਰਡ ਸਮੇਂ ਸਿਰ ਤੇ ਸਹੀ ਢੰਗ ਨਾਲ ਅਪਡੇਟ ਕੀਤਾ ਜਾਵੇ। ਦਵਾਈਆਂ ਦੇ ਸਟਾਕ ਦਾ ਪੂਰਾ ਹਿਸਾਬ ਰੱਖਿਆ ਜਾਵੇ ਤੇ ਮਰੀਜ਼ਾਂ ਨੂੰ ਸਰਕਾਰੀ ਸਿਹਤ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ’ਚ ਆਉਣ ਵਾਲੇ ਹਰੇਕ ਮਰੀਜ਼ ਨੂੰ ਬਿਹਤਰ, ਪਾਰਦਰਸ਼ੀ ਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਮੁੱਖ ਤਰਜੀਹ ਹੈ। ਇਸ ਲਈ ਸਮੂਹ ਸਟਾਫ਼ ਆਪਣੀ ਡਿਊਟੀ ਪੂਰੀ ਤਨਦੇਹੀ, ਜ਼ਿੰਮੇਵਾਰੀ ਤੇ ਇਮਾਨਦਾਰੀ ਨਾਲ ਨਿਭਾਵੇ। ਇਸ ਮੌਕੇ ਡਾਕਟਰ ਅਨੰਦ ਕੇ ਸੀਨੀਅਰ ਮੈਡੀਕਲ ਅਫਸਰ ਤੇ ਹੋਰ ਸਟਾਫ ਹਾਜ਼ਰ ਸਨ।