ਸ਼ਹਿਰ ਵਾਸੀ ਦੋ ਮਹੀਨਿਆਂ ਤੋਂ ਗੰਧਲਾ ਤੇ ਬਦਬੂਦਾਰ ਪਾਣੀ ਪੀਣ ਲਈ ਮਜਬੂਰ ਕਾਈਨੌਰ ਬਾਜ਼ਾਰ ’ਚ ਦੋ ਮਹੀਨੇ ਤੋਂ ਆ ਰਿਹਾ ਗੰਧਲਾ ਤੇ ਬਦਬੂਦਾਰ ਪਾਣੀ ਪੀਣ ਲਈ ਮਜ
Publish Date: Tue, 08 Sep 2026 05:11 PM (IST)
Updated Date: Wed, 09 Sep 2026 04:04 AM (IST)
ਸ਼ਿਕਾਇਤਾਂ ਕਰਨ ਦੇ ਬਾਵਜੂਦ ਗੂੜ੍ਹੀ ਨੀਂਦ ਸੌਂ ਰਹੇ ਸਬੰਧਤ ਅਧਿਕਾਰੀ, ਕਦੇ ਵੀ ਫੈਲ ਸਕਦੀ ਭਿਆਨਕ ਮਹਾਂਮਾਰੀ, ਐੱਸਡੀਐੱਮ ਮੋਰਿੰਡਾ ਤੋਂ ਸਮੱਸਿਆ ਦੇ ਹੱਲ ਦੀ ਮੰਗ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਦੇ ਕਾਈਨੌਰ ਬਾਜ਼ਾਰ ਅਤੇ ਨੇੜਲੇ ਮੁਹੱਲਿਆਂ ਦੇ ਵਸਨੀਕ ਨਗਰ ਕੌਂਸਲ ਅਤੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਕਥਿਤ ਅਣਗਹਿਲੀ ਕਾਰਨ ਸੀਵਰੇਜ ਯੁਕਤ ਗੰਦਾ ਅਤੇ ਬਦਬੂਦਾਰ ਪਾਣੀ ਪੀਣ ਲਈ ਮਜ਼ਬੂਰ ਹਨ। ਇਸ ਦੇ ਚੱਲਦਿਆਂ ਸ਼ਹਿਰ ਵਿਚ ਕਦੇ ਵੀ ਗੰਭੀਰ ਬਿਮਾਰੀਆਂ ਫੈਲ ਸਕਦੀਆਂ ਹਨ। ਇਸ ਸਬੰਧੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ ਦੋ ਮਹੀਨੇ ਤੋਂ ਟੂਟੀਆਂ ਵਿਚ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਗੰਦਾ ਤੇ ਬਦਬੂਦਾਰ ਪਾਣੀ ਮਿਲ ਕੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਵੀ ਕੀਤੀ ਗਈ ਪ੍ਰੰਤੂ ਇਸ ਸਮੱਸਿਆ ਦਾ ਹੱਲ੍ਹ ਕਰਨ ਵਿਚ ਅਧਿਕਾਰੀ ਨਾਕਾਮ ਸਾਬਿਤ ਹੋਏ ਹਨ। ਇਸ ਸਬੰਧ ਵਿਚ ਸੁਨਿਆਰਾ ਅਸੋਸੀਏਸ਼ਨ ਦੇ ਆਗੂ ਮਨਮੋਹਨ ਕੁਮਾਰ, ਮੁਨਿਆਰੀ ਯੂਨੀਅਨ ਦੇ ਆਗੂ ਮਨੀਸ਼ ਕੁਮਾਰ, ਸੱਜਣ ਕੁਮਾਰ, ਵਿਕਰਾਂਤ ਵਰਮਾ, ਪਾਰਸ, ਅਵਨੀਤ, ਹਰਨੇਕ ਸਿੰਘ, ਸਤਿੰਦਰ ਸਿੰਘ, ਸੁਧੀਰ ਕੁਮਾਰ, ਅਰਮਾਨ, ਰਾਜਨ, ਕੁਰਬਾਨ, ਰਿਤੇਸ਼ ਵਰਮਾ ਤੋਂ ਇਲਾਵਾ ਇੱਕ ਬੈਂਕ ਦੇ ਅਧਿਕਾਰੀਆਂ ਨੇ ਕਿਹਾ ਕਿ ਗੰਦੇ ਪਾਣੀ ਦੀ ਸ਼ਿਕਾਇਤ ਸਬੰਧੀ ਅਧਿਕਾਰੀਆਂ ਕੋਲ ਵਾਰ ਵਾਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਪ੍ਰੰਤੂ ਅਧਿਕਾਰੀਆਂ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ ਅਤੇ ਉਹ, ਉਨ੍ਹਾਂ ਦੀ ਸਮੱਸਿਆ ਦਾ ਹੱਲ੍ਹ ਕਰਨ ਪ੍ਰਤੀ ਗੰਭੀਰ ਦਿਖਾਈ ਨਹੀਂ ਦਿੰਦੇ। ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ ਦੋ ਮਹੀਨੇ ਤੋਂ ਨਗਰ ਕੌਂਸਲ ਵੱਲੋਂ ਸਪਲਾਈ ਕੀਤੇ ਜਾ ਰਹੇ ਪੀਣ ਵਾਲੇ ਪਾਣੀ ਵਿਚ ਕਿਸੀ ਜਗ੍ਹਾ ਤੋਂ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਰਿਹਾ ਹੈ। ਉਨ੍ਹਾਂ ਖਦਸ਼ਾ ਜਾਹਰ ਕਰਦੇ ਕਿਹਾ ਕਿ ਸ਼ਾਇਦ ਅਧਿਕਾਰੀ ਪਿਛਲੇ ਸਮੇਂ ਦੌਰਾਨ ਜੋਗੀਆਂ ਵਾਲਾ ਮੁਹੱਲਾ ਵਿਚ ਗੰਭੀਰ ਬਿਮਾਰੀਆਂ ਫੈਲਣ ਦੇ ਕਾਰਨ ਸੈਂਕੜੇ ਲੋਕਾਂ ਦੇ ਹਸਪਤਾਲ ਪਹੁੰਚਣ ਵਰਗੀ ਭਿਆਨਕ ਘਟਨਾ ਵਾਪਰਨ ਤੇ ਇੱਥੇ ਵੀ ਕਿਸੇ ਭਿਆਨਕ ਬਿਮਾਰੀ ਫੈਲਣ ਦੇ ਇੰਤਜ਼ਾਰ ਵਿਚ ਹਨ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਵੀ ਅਜਿਹੀਆਂ ਗੰਭੀਰ ਬਿਮਾਰੀਆਂ ਫੈਲਦੀਆਂ ਹਨ ਤਾਂ ਇਸ ਲਈ ਸਿੱਧੇ ਤੌਰ ਤੇ ਸਬੰਧਿਤ ਅਧਿਕਾਰੀ ਜ਼ਿੰਮੇਦਾਰ ਹੋਣਗੇ। ਉਨਾਂ ਕਿਹਾ ਕਿ ਐੱਸਡੀਓ ਸੀਵਰੇਜ ਬੋਰਡ ਨੂੰ ਵੀ ਕਰੀਬ ਇੱਕ ਮਹੀਨਾ ਪਹਿਲਾਂ ਦਿੱਤੀ ਗਈ ਦਰਖਾਸਤ ’ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਐੱਸਡੀਐੱਮ ਮੋਰਿੰਡਾ ਤੋਂ ਕੀਤੀ ਸਮੱਸਿਆ ਦਾ ਹੱਲ੍ਹ ਕਰਨ ਦੀ ਮੰਗ ਇਸ ਦੌਰਾਨ ਸ਼ਹਿਰ ਵਾਸੀਆਂ ਤੋਂ ਇਲਾਵਾ ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਜਸਮੀਤ ਸਿੰਘ, ਚਰਨਜੀਤ ਸਿੰਘ, ਰੂਪ ਸਿੰਘ ਕੰਗ, ਲੱਖੀ ਸ਼ਾਹ, ਮਜੀਦ ਮੋਨੂ ਖਾਨ, ਰਸ਼ੀਦ ਮੁਹੰਮਦ ਆਦਿ ਨੇ ਐੱਸਡੀਐੱਮ ਮੋਰਿੰਡਾ ਚੇਤਨ ਬੰਗੜ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਦਾ ਹੱਲ੍ਹ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਲੋਕਾਂ ਦਾ ਕਿਸੇ ਵੀ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਾਅ ਹੋ ਸਕੇ। ਕੀ ਕਹਿੰਦੇ ਹਨ ਅਧਿਕਾਰੀ: ਇਸ ਸਬੰਧੀ ਐੱਸਡੀਓ ਦੀਪਕ ਕੁਮਾਰ ਨੇ ਕਿਸੇ ਕਾਰਨ ਫੋਨ ਰਿਸੀਵ ਨਹੀਂ ਕੀਤਾ ਜਦਕਿ ਸੀਵਰੇਜ ਬੋਰਡ ਅਤੇ ਵਾਟਰ ਸਪਲਾਈ ਵਿਭਾਗ ਦੇ ਜੇਈ ਸਤਵਿੰਦਰ ਸਿੰਘ ਨੇ ਕਿਹਾ ਕਿ ਉਹ ਲੀਕੇਜ ਦੀ ਭਾਲ ਵਿਚ ਲੱਗੇ ਹਨ ਤੇ ਜਲਦੀ ਹੀ ਸਮੱਸਿਆ ਦਾ ਹੱਲ੍ਹ ਕਰ ਦਿੱਤਾ ਜਾਵੇਗਾ।