- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖਤਾ ਲਈ ਖਤਰਾ ਬਣੀ ਚਾਈਨਾ ਡੋਰ ਲੱਗੀ ਪਾਬੰਦੀ ਸਖਤੀ ਨਾਲ ਲਾਗੂ ਕਰਨ ਦੀ ਲੋੜ

ਗੁਰਦੀਪ ਭੱਲੜੀ,ਪੰਜਾਬੀ ਜਾਗਰਣ,
ਨੰਗਲ : ਬੇਸ਼ਕ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਜਾਰੀ ਆਦੇਸ਼ਾਂ ਵਾਤਾਵਰਣ (ਸੁਰੱਖਿਆ) ਐਕਟ 1986 ਤਹਿਤ ਸੂਬਾ ਸਰਕਾਰ ਵਲੋਂ ਚਾਈਨਾ, ਨਾਈਲੋਨ ਅਤੇ ਸਿੰਥੈਟਿਕ ਡੋਰ ਆਦਿ ਦੀ ਵਰਤੋਂ ’ਤੇ ਰੋਕ ਲਗਾਈ ਹੋਈ ਹੈ। ਪਰ ਹਰ ਸਾਲ ਇਸ ਮਨੁੱਖਾ ਅਤੇ ਪਸ਼ੂ ਪੰਛੀਆਂ ਦੀ ਜਾਨ ਦਾ ਖੌ ਬਣੀ,ਇਸ ਜਾਨ ਲੇਵਾ ਡੋਰ ਦੀ ਵਿਕਰੀ ਅਤੇ ਧੜੱਲੇ ਨਾਲ ਜਾਰੀ ਰਹਿੰਦੀ ਹੈ, ਜਿਸ ਕਾਰਨ ਹਰ ਸਾਲ ਅਨੇਕਾਂ ਹਾਦਸੇ ਵਾਪਰਨ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਲੋਹੜੀ ਅਤੇ ਬਸੰਤ ਪੰਚਮੀ ਦੇ ਤਿਉਹਾਰ ਚਾਈਨਾ ਡੋਰ ਨਾਲ ਵਾਪਰਨ ਵਾਲੀਆਂ ਮੰਦਭਾਗੀਆਂ ਘਟਨਾਵਾਂ ਦੀ ਗਿਣਤੀ ਵਧ ਜਾਦੀ ਹੈ। ਕੁਝ ਨੌਜਵਾਨ ਪਤੰਗਬਾਜ਼ ਚਾਈਨਾ ਡੋਰ ਦੀ ਵਰਤੋਂ ਕਰਕੇ ਪਤੰਗਬਾਜ਼ੀ ਕਰਨ ਵਿਚ ਫਖਰ ਮਹਿਸੂਸ ਕਰਦੇ ਹਨ।ਇਸ ਭਖਦੇ ਮਸਲੇ ਸਬੰਧੀ ਵੱਖ ਵੱਖ ਸਮਾਜ ਸੇਵੀ ਅਤੇ ਮੋਹਤਵਾਰ ਵਿਆਕਤੀਆਂ ਨਾਲ ਵਿਚਾਰ-ਚਰਚਾ ਕੀਤੀ ਗਈ ।
ਜਾਨ ਲੇਵਾ ਡੋਰ ’ਤੇ ਲੱਗੇ ਪੂਰਨ ਪਾਬੰਦੀ: ਐਡਵੋਕੇਟ ਸੁਧੀਰ ਸਿੰਘ:
ਨੌਜਵਾਨ ਆਗੂ ਐਡਵੋਕੇਟ ਸੁਧੀਰ ਸਿੰਘ ਦਾ ਕਹਿਣਾ ਹੈ ਕਿ ਜਾਨਲੇਵਾ ਡੋਰ ’ਤੇ ਪੂਰਨ ਪਾਬੰਦੀ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਨੇ ਜਿੱਥੇ ਚਾਈਨਾ ਡੋਰ ’ਤੇ ਪਾਬੰਦੀ ਲਗਾਈ ਗਈ ਹੈ, ਉੱਥੇ ਹੀ ਪ੍ਰਸ਼ਾਸਨ ਨੂੰ ਇਸ ਦੀ ਸਖਤੀ ਨਾਲ ਪਾਲਣਾ ਕਰਕੇ ਚਾਈਨਾ ਡੋਰ ਦੀ ਵਿਕਰੀ ਪੂਰਨ ਤੌਰ ’ਤੇ ਬੰਦ ਕਰਵਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਾਡੇ ਤਿਉਹਾਰ ਸਾਨੂੰ ਮਨੁੱਖਤਾ ਦੇ ਭਲੇ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਸੰਦੇਸ਼ ਦਿੰਦੇ ਹਨ। ਪਰ ਅਪਣੇ ਸ਼ੌਕ ਲਈ ਕਿਸੇ ਮਨੁੱਖ,ਪੁਸ਼ੂ,ਪੰਛੀ ਦਾ ਜਾਨ ਨਾਲ ਖੇਡਣਾ ਠੀਕ ਨਹੀ ਹੈ।
ਪਤੰਗਬਾਜ਼ੀ ਦਾ ਸ਼ੌਕ ਵਿੱਚ ਲੋਕਾਂ ਦਾ ਜਾਨ ਨਾਲ ਖੇਡਣਾ ਠੀਕ ਨਹੀ: ਗੁਰਜਿੰਦਰ ਸਿੰਘ ਸ਼ੌਕਰ
ਤਰਕਸ਼ੀਲ ਆਗੂ ਗੁਰਜਿੰਦਰ ਸਿੰਘ ਸ਼ੌਕਰ ਦਾ ਕਹਿਣਾ ਹੈ ਕਿ ਪਤੰਗਬਾਜ਼ੀ ਦਾ ਸ਼ੌਕ ਵਿਚ ਲੋਕਾਂ ਦਾ ਜਾਨ ਨਾਲ ਖੇਡਣਾ ਠੀਕ ਨਹੀ ਹੈ।ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੀ ਜੜ੍ਹ ਸਿਰਫ਼ ਵੇਚਣ ਵਾਲੇ ਨਹੀਂ, ਸਗੋਂ ਖਰੀਦਣ ਵਾਲੇ ਵੀ ਹਨ। ਜਦ ਤੱਕ ਸਮਾਜ ਖੁਦ ਇਹ ਫੈਸਲਾ ਨਹੀਂ ਕਰਦਾ ਕਿ ਮਨੋਰੰਜਨ ਕਿਸੇ ਦੀ ਜਾਨ ਤੋਂ ਵੱਡਾ ਨਹੀਂ, ਤਦ ਤੱਕ ਕਾਨੂੰਨ ਕਾਗਜ਼ਾਂ ਤੱਕ ਹੀ ਸੀਮਿਤ ਰਹਿਣਗੇ।
ਲੋਕਾਂ ਦੀ ਜਾਨ ਦੀ ਦੁਸ਼ਮਣ ਬਣੀ ਚਾਈਨਾ ਡੋਰ :ਜਰਨੈਲ ਸਿੰਘ ਸੰਧੂ
ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਚਾਈਨਾ ਡੋਰ ਜਿਥੇ ਮਨੁੱਖਤਾ ਲਈ ਕਾਲ ਬਣੀ ਹੋਈ ਹੈ,ਉਥੇ ਹੀ ਇਸ ਦੀ ਵਰਤੋਂ ਵਾਤਾਵਰਨ ਲਈ ਬੇਹੱਦ ਖਤਰਨਾਕ ਹੈ।ਇਸ ਲਈ ਇਸ ਡੋਰ ’ਤੇ ਸ਼ਖਤੀ ਨਾਲ ਪਾਬੰਦੀ ਲੱਗਣੀ ਚਾਹੀਦੀ ਹੈ ।ਸਰਕਾਰ ਵੱਲੋਂ ਚਾਈਨਾ ਡੋਰ ’ਤੇ ਪਾਬੰਦੀ ਲਗਾਈ ਹੋਈ ਹੈ, ਕਾਨੂੰਨ ਵੀ ਮੌਜੂਦ ਹਨ, ਸਜ਼ਾਵਾਂ ਵੀ ਨਿਰਧਾਰਤ ਹਨ,ਪਰ ਫਿਰ ਵੀ ਇਹ ਡੋਰ ਬਾਜ਼ਾਰਾਂ ਵਿਚ ਉਪਲੱਬਧ ਕਿਉਂ ਹੈ? ਇਹ ਸਵਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਨਿਸ਼ਾਨ ਖੜ੍ਹਾ ਕਰਦਾ ਹੈ। ਛਾਪੇਮਾਰੀ ਸਿਰਫ਼ ਤਿਉਹਾਰਾਂ ਤੋਂ ਪਹਿਲਾਂ ਹੀ ਕਿਉਂ ਹੁੰਦੀ ਹੈ? ਸਾਲ ਭਰ ਨਿਗਰਾਨੀ ਕਿਉਂ ਨਹੀਂ?
ਚਾਈਨਾ ਡੋਰ ਪ੍ਰਤੀ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ: ਪ੍ਰਿੰਸੀਪਲ ਕੁਲਜੀਤ ਕੌਰ
ਸ਼ਿਵਾਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਕੁਲਜੀਤ ਕੌਰ ਸੈਣੀ ਇਸ ਜਾਨ ਲੇਵਾ ਚਾਈਨਾ ਡੋਰ ਦੇ ਖਤਰਿਆਂ ਪ੍ਰਤੀ ਲੋਕਾਂ ਖਾਸ ਕਰਕੇ ਨੌਜਵਾਨਾ ,ਸਕੂਲਾ,ਕਾਲਜਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਸੁਰੱਖਿਅਤ ਪਤੰਗਬਾਜ਼ੀ ਦਾ ਸਬਕ ਸਿਖਾਉਣ, ਨਾ ਕਿ ਖ਼ਤਰਨਾਕ ਮੁਕਾਬਲੇਬਾਜ਼ੀ ਵੱਲ ਧੱਕਣ।
----
ਲੋਕਾਂ ਦੀ ਜਿੰਦਗੀ ਨਾਲ ਖੇਡਣਾ ਠੀਕ ਨਹੀਂ : ਸੁਮਿਤ ਤਲਵਾੜਾ
ਇਸ ਸਬੰਧੀ ਗਲਬਾਤ ਕਰਦਿਆਂ ਪੰਜਾਬ ਬ੍ਰਾਹਮਣ ਵੈੱਲਫੇਅਰ ਬੋਰਡ ਦੇ ਮੈਂਬਰ ਸੁਮਿਤ ਤਲਵਾੜਾ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਇਸ ਜਾਨਲੇਵਾ ਡੋਰ ਨੂੰ ਵੇਚਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਥੋੜੇ ਪੈਸੇ ਦੇ ਲਾਲਚ ਵਿਚ ਲੋਕਾਂ ਦੀ ਜ਼ਿੰਦਗੀ ਨਾਲ ਖੇਡਣਾ ਠੀਕ ਨਹੀਂ ਹੈ। ਇਹ ਚਾਈਨਾ ਡੋਰ ਦੀ ਸਮੱਸਿਆ ਬਹੁਤ ਗੰਭੀਰ ਸਮੱਸਿਆ ਹੈ। ਇਸ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ ਵੀ ਪੁਲਿਸ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਸਹੀ ਜਾਣਕਾਰੀ ਦੇਣ ਤਾਂ ਕਾਫੀ ਹੱਦ ਤੱਕ ਚਾਈਨਾਂ ਡੋਰ ਦੀ ਵਿਕਰੀ ਰੋਕੀ ਜਾ ਸਕਦੀ ਹੈ।
ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ : ਐੱਸਐੱਚਓ
ਇਸ ਸਬੰਧ ਵਿਚ ਨੰਗਲ ਥਾਣਾ ਮੁਖੀ ਐੱਸਐੱਚਓ ਸਿਮਰਨਜੀਤ ਸਿੰਘ ਦਾ ਕਹਿਣਾ ਹੈ ਕਿ ਨੰਗਲ ਪੁਲਿਸ ਵਲੋਂ ਇਸ ਪਾਬੰਦੀਸ਼ੁਦਾ ਚਾਈਨਾ ਡੋਰ ਦੇ ਖ਼ਿਲਾਫ਼ ਮੁਹਿੰਮ ਵਿੱਡੀ ਗਈ ਹੈ ਅਤੇ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਸਬੰਧ ਵਿਚ ਇੱਕ ਵਿਆਕਤੀ ਖ਼ਿਲਾਫ਼ ਐੱਫਆਈਆਰ ਵੀ ਦਰਜ ਕੀਤੀ ਜਾ ਚੁੱਕੀ ਹੈ।ਉਨ੍ਹਾਂ ਚਾਈਨਾ ਡੋਰ ਵੇਚਣ ਵਾਲਿਆਂ ਸ਼ਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਡੋਰ ਨੂੰ ਵੇਚਣ ਵਾਲਿਆਂ ਵਿਰੁੱਧ ਸ਼ਖਤ-ਤੋਂ ਸਖਤ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।ਉਨਾਂ ਲੋਕਾਂ ਨੁੰ ਅਪੀਲ ਕੀਤੀ ਕਿ ਚਾਇਨਾ ਡੋਰ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇਣ ,ਉਨਾ ਦਾ ਨਾਮ ਵੀ ਗੁਪਤ ਰੱਖਿਆਂ ਜਾਵੇਗਾ।