ਹਲਕਾ ਇੰਚਾਰਜ ਸੰਧੂ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਲਿਆ ਲੰਬੇ ਹੱਥੀਂ ਹਲਕਾ ਇੰਚਾਰਜ ਸੰਧੂ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਲਿਆ ਲੰਬੇ ਹੱਥੀਂ
Publish Date: Tue, 20 Oct 2026 03:18 PM (IST)
Updated Date: Tue, 20 Oct 2026 03:18 PM (IST)
ਕਿਹਾ, ਸੌਹੁੰ ਚੁੱਕਣ ਕਿ ਰੇਤੇ ਦੀ ਮਾਈਨਿੰਗ ਨਹੀਂ ਕਰਵਾਈ ਤੇ ਚੋਣਾਂ ਸਮੇਂ ਨਸ਼ੇ ਨਹੀਂ ਵੰਡੇ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸ੍ਰੋਮਣੀ ਅਕਾਲੀ ਦਲ ਦੇ ਇੰਚਾਰਜ ਹਰਮੋਹਣ ਸਿੰਘ ਸੰਧੂ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਸਾਹਮਣੇ ਦੋ ਮੁੱਦੇ ਹਨ। ਜਿਨਾਂ ’ਚ ਇੱਕ ਤਾਂ ਰੇਤ ਮਾਫੀਆ ਅਤੇ ਦੂਜਾ ਇਲਾਕੇ ’ਚ ਵਧੇ ਹੋਏ ਨਸ਼ੇ ਹਨ। ਹਰਮੋਹਣ ਸਿੰਘ ਸੰਧੂ ਨੇ ਕਿਹਾ ਕਿ ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਲਾਕੇ ’ਚ ਰਾਤ ਨੂੰ ਇੱਕ ਸਟਿੰਗ ਆਪਰੇਸ਼ਨ ਕੀਤਾ। ਜਿਸ ’ਚ ਉਨ੍ਹਾਂ ਦੱਸਿਆ ਕਿ ਕਿਵੇਂ ਚਿੱਟਾ ਸੋਨਾ (ਰੇਤਾ) ਨੂੰ ਚੂਨਾ ਲਾਇਆ ਜਾ ਰਿਹਾ ਹੈ। ਜਿਸ ’ਚ ਉਨ੍ਹਾਂ ਇਕ ਮੰਤਰੀ ਦਾ ਵੀ ਨਾਮ ਨਸ਼ਰ ਕੀਤਾ ਉਹਦੇ ਬੇਟੇ ਦਾ ਵੀ ਨਸ਼ਰ ਕੀਤਾ ਕਿ 250 ਕਰੋੜ ਦਾ ਚੂਨਾ ਸਰਕਾਰ ਨੂੰ ਮਹੀਨੇ ਦਾ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਚਿੱਟੇ ਸੋਨੇ ਦੀ ਗੱਲ ਕਰਦੇ ਹਨ ,ਉਹ ਚੰਨੀ ਖੁਦ ਆਪ ਅਤੇ ਇਨ੍ਹਾਂ ਦੇ ਖਾਸ ਰਹੇ ਬੰਦੇ ਵੀ ਕਰਦੇ ਆਏ ਹਨ। ਹਲਕਾ ਇੰਚਾਰਜ ਸੰਧੂ ਨੇ ਹਲਕਾ ਇੰਚਾਰਜ ਜਸਵੀਰ ਸਿੰਘ ਗੜੀ ਦੇ ਬਿਆਨਾਂ ਦੀ ਪਰੋੜਤਾ ਕਰਦਿਆਂ ਕਿਹਾ ਕਿ ਜੋ ਜਸਵੀਰ ਸਿੰਘ ਗੜੀ ਨੇ ਪਿੱਛੇ ਜਿਹੇ ਇਕ ਕਾਨਫਰੰਸ ਦੌਰਾਨ ਜੋ ਵੀ ਗੱਲ ਕੀਤੀ ਹੈ ਉਹ ਬਿਲਕੁਲ ਸੱਚ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਆਮ ਆਦਮੀ ਭਾਰੀ ਮਸ਼ੱਕਤ ਕਰਕੇ ਵੀ ਇੰਨੀ ਪ੍ਰੋਪਰਟੀ ਨਹੀਂ ਬਣਾ ਸਕਦਾ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਜਦੋਂ ਕਿਸੇ ਬੰਦੇ ਨੇ ਆਪ ਗਲਤ ਕੰਮ ਕੀਤਾ ਹੋਵੇ ਤਾਂ ਉਹਨੂੰ ਦੂਸਰਿਆਂ ਤੇ ਉਂਗਲ ਚੁੱਕਣ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਜਿਹੜੇ ਬੰਦੇ ਆਪਣੇ-ਆਪ ਨੂੰ ਗਰੀਬ ਦਲਿਤ ਆਖਦੇ ਨੇ, ਉਹ ਸਾਰੀ ਸਟੇਟ ਲੁੱਟਦੇ ਨੇ ਆਪਣਾ ਘਰ ਬਣਾਉਂਦੇ ਨੇ। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਦੇ ਸਖਤ ਖਿਲਾਫ ਹਾਂ ਕੋਈ ਪਾਰਟੀ ਹੋਵੇ ਜਾਂ ਮੈਂ ਆਪ ਵੀ ਹੋਵਾਂ, ਗਲਤ ਢੰਗ ਨਾਲ ਜਾਇਦਾਦ ਬਣਾਉਣਾ ਗਲਤ ਹੈ। ਉਨ੍ਹਾਂ ਕਿਹਾ ਕਿ ਤਿੰਨ ਵਾਰੀ ਐੱਮਐੱਲਏ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਂ ਅਤੇ ਹੁਣ ਆਮ ਪਾਰਟੀ ਸਮੇਂ ਵੀ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਹੜ੍ਹਾਂ ਦੇ ਹਾਲਾਤ ਸੀ ਪੰਜਾਬ ’ਚ ਸਾਡੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਥੇ ਆਏ ਸਾਡੇ ਇਲਾਕੇ ’ਚ ਦੋ ਥਾਂ ’ਤੇ ਪਾੜ ਪਈ ਸੀ। ਜਿੱਥੇ ਸਾਰੇ ਲੋਕੀ ਕਹਿੰਦੇ ਸੀ ਇੱਥੇ ਚਰਨਜੀਤ ਸਿੰਘ ਚੰਨੀ ਮਾਈਨਿੰਗ ਕਰਦਾ ਰਿਹਾ ਹੈ। ਕੀ ਚੰਨੀ ਸੰਹੁ ਚੁੱਕਣਗੇ? ਅਕਾਲੀ ਆਗੂ ਹਰਮੋਹਣ ਸਿੰਘ ਸੰਧੂ ਨੇ ਕਿਹਾ ਕਿ ਮੈਂ ਸਹੁੰ ਚੁਕਾਉਣ ਦੇ ਹੱਕ ’ਚ ਨਹੀਂ ਪਰ ਜੇਕਰ ਚਰਨਜੀਤ ਸਿੰਘ ਚੰਨੀ ਸਹੀ ਹਨ ਤਾਂ ਕਿ ਉਹ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਜਾ ਕੇ ਸੌਂ ਚੁੱਕਣਗੇ। ਸੰਧੂ ਨੇ ਕਿਹਾ ਕਿ ਇਸ ਹਲਕੇ ਦਾ ਬੱਚਾ ਬੱਚਾ, ਹਰ ਬਜ਼ੁਰਗ ਜਾਣਦਾ ਹੈ ਕੀ 2007 ਤੋਂ ਪਹਿਲਾਂ ਇੱਥੇ ਕੋਈ ਨਸ਼ਾ ਨਹੀਂ ਹੁੰਦਾ ਸੀ। ਉਨ੍ਹਾਂ ਆਰੋਪ ਲਗਾਏ ਕੇਸ ਚਰਨਜੀਤ ਸਿੰਘ ਚੰਨੀ ਇਸ ਇਲਾਕੇ ’ਚ ਤਿੰਨ ਵਾਰ ਸ਼ਰਾਬ ਅਤੇ ਨਸ਼ੇ ਵੰਡ ਕੇ ਵਿਧਾਇਕ ਬਣੇ ਹਨ। ਉਨ੍ਹਾਂ ਕਿਹਾ ਕਿ ਮੈਂ ਫਿਰ ਅੱਜ ਮੀਡੀਆ ਰਾਹੀਂ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੂੰ ਇਹ ਚੈਲੇਂਜ ਕਰਦਾ ਹਾਂ ਕਿ ਜੇ ਉਹ ਗੁਰੂ ਦਾ ਸਿੰਘ ਹੈ ਅਤੇ ਗੁਰੂ ਨੂੰ ਮੰਨਣ ਵਾਲਾ ਹੈ ਤਾਂ ਉਹ ਅਤੇ ਹੋਰ ਵੀ ਜਿੰਨੀਆਂ ਸਿਆਸੀ ਪਾਰਟੀਆਂ ਦੇ ਲੀਡਰ ਸਾਹਿਬਾਨ ਨੇ ਜਿਹੜੇ ਐਮਐਲਏ ਦੀ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹ ਗੁਰੂ ਘਰ ਚੜ ਕੇ ਸੰਹੁ ਚੁੱਕਣ ਕਿ ਅਸੀਂ ਚੋਣਾਂ ਪੂਰੇ ਪਾਰਦਰਸ਼ੀ ਢੰਗ ਨਾਲ ਨਾਲ ਲੜਣਗੇ। ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਵੰਡਣਗੇ। ਉਨਾਂ ਇੱਕ ਵਾਰ ਫਿਰ ਤੋਂ ਜਸਵੀਰ ਸਿੰਘ ਗੜੀ ਅਤੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਤੋਂ ਮੰਗ ਕੀਤੀ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਸਮੇਂ ਹੋਈ ਮਾਈਨਿੰਗ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ। ਇਸ ਮੌਕੇ ਉਨਾਂ ਦੇ ਨਾਲ ਹਲਕਾ ਪ੍ਰਧਾਨ ਸੁਰਜੀਤ ਸਿੰਘ ਤਾਜਪੁਰਾ, ਸੀਨੀਅਰ ਆਗੂ ਅਸ਼ਵਨੀ ਸ਼ਰਮਾ, ਯੂਥ ਆਗੂ ਪਰਮਿੰਦਰ ਸਿੰਘ ਬਿੱਟੂ, ਕੰਗ, ਸੁੱਖਾ ਯੂਕੇ ਅਤੇ ਦਵਿੰਦਰ ਸਿੰਘ ਮਝੈਲ ਆਦਿ ਵੀ ਸ਼ਾਮਿਲ ਸਨ।