- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਵੰਡੇ ਪ੍ਰਾਪਰਟੀ ਕਾਰਡ

ਪੰਜਾਬੀ ਜਾਗਰਣ ਟੀਮ, ਬੇਲਾ : ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਕਾਨੂੰਨੀ ਮਾਲਕਾਨਾ ਹੱਕ ਦੇਣ ਲਈ ਚਲਾਈ ਜਾ ਰਹੀ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਕਸਬਾ ਬੇਲਾ ਦੇ ਕਮਿਊਨਿਟੀ ਸੈਂਟਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਇੰਚਾਰਜ ਜਸਵੀਰ ਸਿੰਘ ਗੜ੍ਹੀ ਅਤੇ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਲਾਕੇ ਦੇ ਵੱਖ-ਵੱਖ 11 ਪਿੰਡਾਂ ਦੇ 1,163 ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਤਕਸੀਮ ਕੀਤੇ। ਇਨ੍ਹਾਂ ਲਾਭਪਾਤਰੀਆਂ ਨੂੰ ਲਗਭਗ 52 ਏਕੜ ਜ਼ਮੀਨ ਦੇ ਮਾਲਕਾਨਾ ਹੱਕ ਸੌਂਪੇ ਗਏ ਹਨ, ਜਿਸ ਦੀ ਮੌਜੂਦਾ ਬਾਜ਼ਾਰੀ ਕੀਮਤ ਕਰੀਬ 82 ਕਰੋੜ 40 ਲੱਖ ਰੁਪਏ ਦੱਸੀ ਜਾ ਰਹੀ ਹੈ। ਸਮਾਗਮ ਦੌਰਾਨ ਵੰਡੇ ਗਏ ਪ੍ਰਾਪਰਟੀ ਕਾਰਡਾਂ ਦੇ ਵੇਰਵਿਆਂ ਅਨੁਸਾਰ ਪਿੰਡ ਮੱਕੋਵਾਲ ਦੇ ਸਭ ਤੋਂ ਵੱਧ 495 ਲਾਭਪਾਤਰੀਆਂ ਨੂੰ 18 ਏਕੜ ਰਕਬੇ ਦੇ ਮਾਲਕਾਨਾ ਹੱਕ ਦਿੱਤੇ ਗਏ ਹਨ। ਇਸੇ ਤਰ੍ਹਾਂ ਪਿੰਡ ਸਲਾਹਪੁਰ ਦੇ 133 ਲਾਭਪਾਤਰੀਆਂ ਨੂੰ 5 ਏਕੜ, ਪਿੰਡ ਜਗਤਪੁਰ ਦੇ 133 ਲਾਭਪਾਤਰੀਆਂ ਨੂੰ 5 ਏਕੜ, ਪਿੰਡ ਛੋਟਾ ਦਾਊਦਪੁਰ ਦੇ 84 ਲਾਭਪਾਤਰੀਆਂ ਨੂੰ 2 ਏਕੜ, ਰੁਕਾਲੀ ਮਾਨਗੜ੍ਹ ਦੇ 77 ਲਾਭਪਾਤਰੀਆਂ ਨੂੰ 10 ਏਕੜ ਅਤੇ ਕਾਹਨਪੁਰ ਦੇ 57 ਲਾਭਪਾਤਰੀਆਂ ਨੂੰ 2 ਏਕੜ ਰਕਬੇ ਦੇ ਪ੍ਰਾਪਰਟੀ ਕਾਰਡ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਪਿੰਡ ਘੜੀਸਪੁਰ ਦੇ 47 ਲਾਭਪਾਤਰੀਆਂ ਨੂੰ ਢਾਈ ਏਕੜ, ਮਨਜੀਤਪੁਰ ਦੇ 44 ਲਾਭਪਾਤਰੀਆਂ ਨੂੰ 1 ਏਕੜ, ਮੁਕਾਵਪੁਰ ਦੇ 40 ਲਾਭਪਾਤਰੀਆਂ ਨੂੰ ਢਾਈ ਏਕੜ, ਕੋਟਲਾ ਦੇ 30 ਲਾਭਪਾਤਰੀਆਂ ਨੂੰ 1 ਏਕੜ ਅਤੇ ਪਿੰਡ ਛੋਟਾ ਸੁਰਤਾਪੁਰ ਦੇ 26 ਲਾਭਪਾਤਰੀਆਂ ਨੂੰ ਢਾਈ ਏਕੜ ਰਕਬੇ ਦੇ ਮਾਲਕਾਨਾ ਹੱਕ ਦੇ ਕਾਰਡ ਸੌਂਪੇ ਗਏ।
ਇਸ ਮੌਕੇ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਇਤਿਹਾਸਕ ਬਦਲਾਅ ਆਇਆ ਹੈ। ਪਿਛਲੀਆਂ ਸਰਕਾਰਾਂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਗੜ੍ਹੀ ਨੇ ਕਿਹਾ ਕਿ ਜੋ ਕੰਮ ਪਿਛਲੀਆਂ ਸਰਕਾਰਾਂ 80 ਸਾਲਾਂ ਵਿੱਚ ਨਹੀਂ ਕਰ ਸਕੀਆਂ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰ ਦਿਖਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਤੋਂ ਪੰਜ ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਚੂਹੜ ਮਾਜਰਾ ਵਿਖੇ ਇਸ ਸਕੀਮ ਦਾ ਉਦਘਾਟਨ ਕਰਨ ਦਾ ਸਿਰਫ਼ ਢੋਂਗ ਰਚਿਆ ਸੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਤਲੁਜ ਦਰਿਆ 'ਤੇ ਪੁਲ ਬਣਾਉਣ ਦੇ ਨਾਮ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਸੀ, ਉਸੇ ਤਰ੍ਹਾਂ ਚੂਹੜ ਮਾਜਰਾ ਵਿਖੇ ਵੀ ਕੁਝ ਲੋਕਾਂ ਨੂੰ ਮਹਿਜ਼ ਕਾਗਜ਼ ਫੜਾ ਕੇ ਸਕੀਮ ਸ਼ੁਰੂ ਕਰਨ ਦਾ ਦਿਖਾਵਾ ਕੀਤਾ ਗਿਆ ਸੀ, ਪਰ ਬਾਅਦ ਵਿੱਚ ਨਾ ਪੁਲ ਬਣਿਆ ਅਤੇ ਨਾ ਹੀ ਸਕੀਮ ਲਾਗੂ ਹੋਈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਲੋਕ ਹਿਤੈਸ਼ੀ ਸਰਕਾਰ ਹੈ, ਜਿਸ ਨੇ ਆਪਣਾ ਹਰ ਵਾਅਦਾ ਪੂਰਾ ਕੀਤਾ ਹੈ। ਇਸ ਮੌਕੇ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਨੇ ਕਿਹਾ ਕਿ ਸਤਲੁਜ ਦਰਿਆ 'ਤੇ ਪੁਲ ਸਿਰਫ਼ ਬਿਆਨਬਾਜ਼ੀ ਨਾਲ ਨਹੀਂ, ਸਗੋਂ ਇਮਾਨਦਾਰੀ ਨਾਲ ਕੰਮ ਕਰਨ ਨਾਲ ਲੱਗੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਸਵੀਰ ਸਿੰਘ ਗੜ੍ਹੀ ਨੂੰ ਵੋਟਾਂ ਪਾ ਕੇ ਜਿਤਾਉਣ, ਤਾਂ ਜੋ ਸਤਲੁਜ ਦਰਿਆ 'ਤੇ ਪੁਲ ਲਗਵਾਉਣ ਲਈ ਪਹਿਲ ਦੇ ਆਧਾਰ 'ਤੇ ਨੋਟੀਫਿਕੇਸ਼ਨ ਜਾਰੀ ਕਰਵਾ ਕੇ ਇਲਾਕੇ ਦੀ ਇਸ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਰਸਨੀਸ ਅਰੌੜਾ ਐਸਡੀਐਮ,ਰਾਜਵੰਤ ਕੌਰ ਸਰਪੰਚ ਛੋਟਾ ਦਾਉਦਪੁਰ, ਤਹਿਸੀਲਦਾਰ ਅਨੂਪਰੀਤ ਕੌਰ, ਅਮਨਦੀਪ ਸਿੰਘ ਮਾਂਗਟ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ, ਬਲਦੇਵ ਸਿੰਘ ਹਾਫਿਜ਼ਾਬਾਦ, ਗੁਰਪ੍ਰੀਤ ਸਿੰਘ ਫਰੀਦ ਸਰਪੰਚ ਭੁਪਿੰਦਰ ਕੌਰ ਸਲਾਹਪੁਰ, ਰਾਜਵੰਤ ਕੌਰ ਸਰਪੰਚ ਛੋਟਾ ਦਾਉਦਪੁਰ ਕੁਲਵੰਤ ਸਿੰਘ ਸਮਸ਼ੇਰ ਸਿੰਘ, ਨਿਰਮਲ ਸਿੰਘ, ਭੁਪਿੰਦਰ ਸਿੰਘ ਪੰਚ, ਆਦਿ ਮਾਲ ਵਿਭਾਗ ਦੇ ਅਧਿਕਾਰੀ, ਸਰਪੰਚ, ਪੰਚ ਆਦਿ ਹਾਜ਼ਰ ਸਨ।