‘ਆਪ’ ਵਿਧਾਇਕ ਡਾ. ਚਰਨਜੀਤ ਸਿੰਘ ਨੇ ਝਾੜੂ ਛੱਡ ਫੜਿਆ ਤੱਕੜੀ ਦਾ ਪੱਲਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਆਪ ਛੱਡ ਕੇ ਫੜਿਆ ਅਕਾਲੀ ਦਲ ਦਾ ਪੱਲਾ
Publish Date: Sun, 29 Nov 2026 04:29 PM (IST)
Updated Date: Sun, 29 Nov 2026 04:31 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਸਿਆਸੀ ਗਲਿਆਰਿਆਂ ’ਚ ਵੱਡੀ ਹਲਚਲ ਪੈਦਾ ਕਰਦਿਆਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਆਮ ਆਦਮੀ ਪਾਰਟੀ (ਆਪ) ਨਾਲੋਂ ਆਪਣਾ 12 ਸਾਲ ਪੁਰਾਣਾ ਨਾਤਾ ਤੋੜ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਅਕਾਲੀ ਦਲ ’ਚ ਸ਼ਮੂਲੀਅਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਚਰਨਜੀਤ ਸਿੰਘ ਨੇ ਕਿਹਾ ਕਿ 2022 ਦੀਆਂ ਚੋਣਾਂ ’ਚ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੀਬ 8 ਹਜ਼ਾਰ ਵੋਟਾਂ ਨਾਲ ਹਰਾਉਣ ਤੇ ਸਾਢੇ ਚਾਰ ਸਾਲਾਂ ’ਚ ਹਲਕੇ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ (ਜਿਨ੍ਹਾਂ ’ਚ 75 ਕਰੋੜ ਦਾ ਲਿਫਟ ਇਰੀਗੇਸ਼ਨ ਪ੍ਰੋਜੈਕਟ, 50 ਕਰੋੜ ਦੇ ਪੀਣ ਵਾਲੇ ਪਾਣੀ ਤੇ ਸਤਲੁਜ ਕੰਢੇ ਪੱਥਰ ਲਗਾਉਣ ਦੇ ਪ੍ਰੋਜੈਕਟ ਤੇ 13 ਕਰੋੜ ਦਾ 50 ਬੈੱਡਾਂ ਦਾ ਹਸਪਤਾਲ ਸ਼ਾਮਲ ਹਨ) ਕਰਵਾਉਣ ਦੇ ਬਾਵਜੂਦ ਪਾਰਟੀ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਨੇ ਨਾ ਤਾਂ ਉਨ੍ਹਾਂ ਨੂੰ ਤੇ ਨਾ ਹੀ ਇਲਾਕਾ ਨਿਵਾਸੀਆਂ ਨੂੰ ਬਣਦਾ ਸਨਮਾਨ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਆਤਮ-ਸਨਮਾਨ ਨੂੰ ਡੂੰਘੀ ਠੇਸ ਪੁੱਜੀ। ਚੋਣ ਲੜਨ ਸਬੰਧੀ ਪੁੱਛੇ ਸਵਾਲ ’ਤੇ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਗੱਠਜੋੜ ਤਹਿਤ ਜੇਕਰ ਇਹ ਸੀਟ ਅਕਾਲੀ ਦਲ ਦੇ ਹਿੱਸੇ ਆਉਂਦੀ ਹੈ ਤਾਂ ਟਿਕਟ ਉਨ੍ਹਾਂ ਨੂੰ ਹੀ ਮਿਲੇਗੀ, ਪਰ ਪਾਰਟੀ ਜਿੱਥੇ ਵੀ ਡਿਊਟੀ ਲਗਾਏਗੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸਥਾਨਕ ਅਕਾਲੀ ਆਗੂਆਂ ਦੇ ਵਿਰੋਧ ਸਬੰਧੀ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਭ ਨੂੰ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਸਰਕਾਰ ਬਣਨਾ ਤੈਅ ਹੈ।