ਚੇਅਰਮੈਨ ਵੱਲੋਂ ਅਨਾਜ ਮੰਡੀ ਬੇਲਾ ਦਾ ਅਚਾਨਕ ਦੌਰਾ, ਖ਼ਰੀਦ ਪ੍ਰਬੰਧਾਂ ਤੇ ਲਿਫਟਿੰਗ ਦਾ ਲਿਆ ਜਾਇਜ਼ਾ ਚੇਅਰਮੈਨ ਸਿਕੰਦਰ ਸਿੰਘ ਸਹੇੜੀ ਵੱਲੋਂ ਅਨਾਜ ਮੰਡੀ ਬੇਲਾ ਦਾ ਅਚਨਚੇਤ ਦੌਰਾ; ਖਰੀਦ ਪ੍ਰਬੰਧਾਂ ਤੇ ਲਿਫਟਿੰਗ ਦਾ ਲਿਆ ਜਾਇਜ਼ਾ
Publish Date: Fri, 23 Oct 2026 04:28 PM (IST)
Updated Date: Fri, 23 Oct 2026 04:30 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ ਬੇਲਾ/ਸ੍ਰੀ ਚਮਕੌਰ ਸਾਹਿਬ : ਸਥਾਨਕ ਅਨਾਜ ਮੰਡੀ ਬੇਲਾ ਵਿਖੇ ਚੱਲ ਰਹੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮਾਰਕੀਟ ਕਮੇਟੀ ਸ਼੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ ਵੱਲੋਂ ਅਚਾਨਕ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੰਡੀ ਵਿਚ ਫ਼ਸਲ ਵੇਚਣ ਆਏ ਕਿਸਾਨਾਂ, ਆੜ੍ਹਤੀਆਂ ਅਤੇ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਝੋਨੇ ਦੀ ਖ਼ਰੀਦ, ਬਾਰਦਾਨੇ ਅਤੇ ਲਿਫਟਿੰਗ ਦੇ ਕੰਮਾਂ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ। ਇਸ ਮੌਕੇ ਚੇਅਰਮੈਨ ਸਹੇੜੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਮਿਹਨਤ ਨਾਲ ਪਾਲੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਅਤੇ ਨਿਰਧਾਰਿਤ ਨਮੀ ਦੇ ਮਾਪਦੰਡਾਂ ਅਨੁਸਾਰ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਖਰੀਦ ਸਮੇਂ ਕਿਸੇ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਚੇਅਰਮੈਨ ਨੇ ਦੱਸਿਆ ਕਿ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੀਆਂ 6 ਮੰਡੀਆਂ ਵਿਚ ਹੁਣ ਤੱਕ ਕੁੱਲ 4,29,670 ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ,ਮੁੱਖ ਮੰਡੀ ਸ੍ਰੀ ਚਮਕੌਰ ਸਾਹਿਬ: 2,20,710 ਕੁਇੰਟਲ, ਬੇਲਾ: 1,41,270 ਕੁਇੰਟਲ, ਬਸੀ ਗੁਜਰਾਂ 23,450 ਕੁਇੰਟਲ, ਹਾਫਿਜ਼ਾਬਾਦ: 16,790 ਕੁਇੰਟਲ, ਸਿਲੋਮਾਜਰਾ: 6,240 ਕੁਇੰਟਲ, ਗੱਗੋਂ ਮੰਡੀ: 2,120 ਕੁਇੰਟਲ ਦੀ ਖਰੀਦ ਹੋਈ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਮੰਡੀਆਂ ਵਿੱਚੋਂ ਹੁਣ ਤੱਕ 2,95,850 ਕੁਇੰਟਲ (ਲਗਭਗ 69%) ਝੋਨੇ ਦੀ ਲਿਫਟਿੰਗ ਮੁਕੰਮਲ ਹੋ ਚੁੱਕੀ ਹੈ, ਜਦਕਿ ਬਾਕੀ ਰਹਿੰਦੀ 1,33,820 ਕੁਇੰਟਲ (31%) ਫ਼ਸਲ ਨੂੰ ਵੀ ਤੇਜ਼ੀ ਨਾਲ ਚੁੱਕਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਮੌਕੇ ਚੇਅਰਮੈਨ ਸਹੇੜੀ ਨੇ ਤਸੱਲੀ ਪ੍ਰਗਟ ਕਰਦਿਆਂ ਦੱਸਿਆ ਕਿ 19 ਅਕਤੂਬਰ ਤੱਕ ਖਰੀਦੇ ਗਏ ਝੋਨੇ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪਾਈ ਜਾ ਚੁੱਕੀ ਹੈ ਅਤੇ ਅਦਾਇਗੀ ਪ੍ਰਕਿਰਿਆ ਨਿਰੰਤਰ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਸੈਕਟਰੀ ਅਰਵਿੰਦ ਕੁਮਾਰ, ਮੰਡੀ ਸੁਪਰਵਾਈਜ਼ਰ ਬਲਜੀਤ ਸਿੰਘ, ਸੰਜੀਵ ਕੁਮਾਰ ਤੋਂ ਇਲਾਵਾ ਆੜ੍ਹਤੀ ਹਰਦੇਵ ਸਿੰਘ, ਗੁਰਜੀਤ ਸਿੰਘ, ਪਰਮਿੰਦਰ ਸਿੰਘ, ਜਸਵੀਰ ਸਿੰਘ, ਬਿੱਟੂ ਕੰਗ, ਸ਼ੁਭਮ ਚੇਤਲ, ਅਸ਼ੋਕ ਕੁਮਾਰ, ਪਾਰਸਮਣੀ ਸੱਭਰਵਾਲ, ਦੀਪ ਮਣੀ ਸੱਭਰਵਾਲ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਕਿਸਾਨ ਹਾਜ਼ਰ ਸਨ।