ਪਿੰਡ ਰਾਏਪੁਰ ਸਾਹਨੀ 'ਚ ਪਸ਼ੂ ਚੋਰ ਗਿਰੋਹ ਦਾ ਪਰਦਾਫਾਸ਼ ਪਿੰਡ ਰਾਏਪੁਰ ਸਾਹਨੀ 'ਚ ਪਸ਼ੂ ਚੋਰ ਗਿਰੋਹ ਦਾ ਪਰਦਾਫਾਸ਼
Publish Date: Sun, 02 Aug 2026 06:31 PM (IST)
Updated Date: Mon, 03 Aug 2026 04:07 AM (IST)
ਲੋਕਾਂ ਨੇ ਰੰਗੇ ਹੱਥੀਂ ਫੜਿਆ ਟੈਂਪੂ ਚਾਲਕ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪਿਛਲੇ ਲੰਬੇ ਸਮੇਂ ਤੋਂ ਦੁਧਾਰੂ ਪਸ਼ੂਆਂ ਦੀ ਚੋਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਸੀ। ਪਰ ਬੀਤੀ ਰਾਤ ਪਿੰਡ ਰਾਏਪੁਰ ਸਾਹਨੀ ਦੇ ਮੁਸਤੈਦ ਲੋਕਾਂ ਨੇ ਇੱਕ ਪਸ਼ੂ ਚੋਰ ਗਿਰੋਹ ਦੇ ਮੈਂਬਰ ਨੂੰ ਰੰਗੇ ਹੱਥੀਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਕੁਲਦੀਪ ਨੇ ਦੱਸਿਆ ਕਿ ਉਹ ਆਪਣੀ ਗਾਂ ਚਰਾ ਰਿਹਾ ਸੀ। ਜਦੋਂ ਉਹ ਪਾਣੀ ਪੀਣ ਲਈ ਕੁਝ ਸਮੇਂ ਲਈ ਘਰ ਗਿਆ ਤਾਂ ਵਾਪਸ ਆ ਕੇ ਦੇਖਿਆ ਕਿ ਕਿਸੇ ਨੇ ਗਾਂ ਨੂੰ ਜੰਗਲ ਵਿੱਚ ਬੰਨ੍ਹਿਆ ਹੋਇਆ ਸੀ। ਸ਼ੱਕ ਪੈਣ ਤੇ ਉਸਨੇ ਤੁਰੰਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਅਤੇ ਉਹ ਸਾਰੇ ਲੁਕ ਕੇ ਬੈਠ ਗਏ। ਰਾਤ ਕਰੀਬ ਪੌਣੇ 9 ਵਜੇ 4 ਵਿਅਕਤੀ ਇੱਕ ਟੈਂਪੂ ਅਤੇ ਮੋਟਰਸਾਈਕਲ ਤੇ ਆਏ ਅਤੇ ਗਾਂ ਨੂੰ ਲੱਦਣ ਲੱਗੇ। ਇਸੇ ਦੌਰਾਨ ਪਿੰਡ ਵਾਸੀਆਂ ਨੇ ਮੁਸਤੈਦੀ ਦਿਖਾਉਂਦਿਆਂ ਛਾਪਾ ਮਾਰ ਕੇ ਟੈਂਪੂ ਚਾਲਕ ਨੂੰ ਕਾਬੂ ਕਰ ਲਿਆ, ਜਦਕਿ ਦੋ ਨੌਜਵਾਨ ਮੋਟਰਸਾਈਕਲ ਤੇ ਭੱਜਣ ਵਿੱਚ ਕਾਮਯਾਬ ਹੋ ਗਏ। ਪਸ਼ੂਆਂ ਦੀ ਚੋਰੀ ਕਾਰਨ ਕਈ ਪਰਿਵਾਰਾਂ ਦਾ ਰੁਜ਼ਗਾਰ ਖੁੱਸ ਚੁੱਕਾ ਹੈ। ਪੀੜਤ ਔਰਤ ਸੁਸ਼ਮਾ ਨੇ ਆਪਣਾ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਕਰੀਬ ਛੇ ਮਹੀਨੇ ਪਹਿਲਾਂ ਉਸਦੀਆਂ 10-10 ਕਿੱਲੋ ਦੁੱਧ ਦੇਣ ਵਾਲੀਆਂ ਚਾਰ ਗਾਵਾਂ ਚੋਰੀ ਹੋ ਗਈਆਂ ਸਨ। ਚਾਰ ਧੀਆਂ ਦੀ ਮਾਂ ਸੁਸ਼ਮਾ ਦਾ ਸਾਰਾ ਡੇਅਰੀ ਦਾ ਕਾਰੋਬਾਰ ਠੱਪ ਹੋ ਚੁੱਕਾ ਹੈ ਅਤੇ ਉਹ ਹੁਣ ਸਿਰਫ਼ ਇੱਕ ਮੱਝ ਅਤੇ ਗਾਂ ਦੇ ਸਿਰ ਤੇ ਗੁਜ਼ਾਰਾ ਕਰ ਰਹੀ ਹੈ। ਉਸਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਉਸਦੀਆਂ ਗਾਵਾਂ ਵਾਪਸ ਦੁਆਈਆਂ ਜਾਣ ਜਾਂ ਫਿਰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸੇ ਤਰ੍ਹਾਂ ਪਿੰਡ ਦੇ ਨੌਜਵਾਨ ਰਾਹੁਲ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਉਸਦੀ ਪੰਜ ਮਹੀਨਿਆਂ ਦੀ ਗੱਭਣ ਗਾਂ ਚੋਰੀ ਹੋ ਗਈ ਸੀ, ਜੋ 7-8 ਕਿੱਲੋ ਦੁੱਧ ਦਿੰਦੀ ਸੀ। ਪਿੰਡ ਵਾਸੀਆਂ ਮੁਤਾਬਕ ਆਸ-ਪਾਸ ਦੇ ਇਲਾਕੇ ਵਿੱਚੋਂ ਹੁਣ ਤੱਕ 15-20 ਗਾਵਾਂ ਚੋਰੀ ਹੋ ਚੁੱਕੀਆਂ ਹਨ ਅਤੇ ਲੋਕ ਇਨਸਾਫ਼ ਦੀ ਮੰਗ ਕਰ ਰਹੇ ਹਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਫੜੇ ਗਏ ਮੁਲਜ਼ਮ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਐਫ.ਆਈ.ਆਰ. ਨੰਬਰ 141, ਧਾਰਾ 303(2) ਅਤੇ 3(5) ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਟੈਂਪੂ ਚਾਲਕ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਹੰਡੋਲਾ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਵਾਰਦਾਤ ਵਿੱਚ ਵਰਤਿਆ ਗਿਆ ਟੈਂਪੂ ਬਰਾਮਦ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਚਾਰ ਦੁਧਾਰੂ ਪਸ਼ੂ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਦੋ ਮੌਕੇ ਤੇ ਹੀ ਬਚਾ ਲਏ ਗਏ ਅਤੇ ਦੋ ਹੋਰ ਬਾਅਦ ਵਿੱਚ ਬਰਾਮਦ ਹੋਏ ਹਨ। ਫਰਾਰ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਵੱਲੋਂ ਅਗਲੇਰੀ ਤਫਤੀਸ਼ ਲਗਾਤਾਰ ਜਾਰੀ ਹੈ।