ਵਿਧਾਇਕ ਵੀ ਲੋਕਲ, ਥਾਣੇਦਾਰ ਵੀ ਲੋਕਲ ਤੇ ਪਰਚਾ ਵੀ ਲੋਕਲ ਕਿਸਾਨਾਂ ’ਤੇ : ਗੌਰਵ ਰਾਣਾ ਵਿਧਾਇਕ ਵੀ ਲੋਕਲ, ਥਾਣੇਦਾਰ ਵੀ ਲੋਕਲ ਤੇ ਪਰਚਾ ਵੀ ਲੋਕਲ ਕਿਸਾਨਾਂ ’ਤੇ: ਗੌਰਵ ਰਾਣਾ
Publish Date: Wed, 07 Oct 2026 06:32 PM (IST)
Updated Date: Wed, 07 Oct 2026 06:35 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਅਨਾਜ ਮੰਡੀ ਵਿਚ ਝੋਨੇ ਦੀ ਖਰੀਦ ਦੌਰਾਨ ਕੰਡਾ ਨਾ ਲਗਾਉਣ, ਸੁਸਤ ਲਿਫਟਿੰਗ ਅਤੇ ਹਾਈਬ੍ਰਿਡ ਝੋਨੇ ’ਤੇ ਕਥਿਤ ਕਾਟ ਲਗਾਉਣ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਕਿਸਾਨ ਆਗੂਆਂ ’ਤੇ ਬਾਏ ਨੇਮ ਪਰਚਾ ਦਰਜ ਕਰਨ ਨੂੰ ਪੰਜਾਬ ਸਾਂਝੀਵਾਲਤਾ ਦਲ ਦੇ ਹਲਕਾ ਰੂਪਨਗਰ ਤੋਂ ਵਿਧਾਨ ਸਭਾ ਉਮੀਦਵਾਰ ਕੁਮਾਰ ਗੌਰਵ ਰਾਣਾ ਨੇ ਸਰਕਾਰ ਦੀ ‘ਨਕਲੀ ਇਨਕਲਾਬ’ ਦੀ ਵੱਡੀ ਨਿਸ਼ਾਨੀ ਕਰਾਰ ਦਿੱਤਾ ਹੈ। ਉਨ੍ਹਾਂ ਰੂਪਨਗਰ ਦੇ ਵਿਧਾਇਕ ’ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਐੱਮਐੱਲਏ. ਵੀ ਲੋਕਲ, ਥਾਣੇਦਾਰ ਵੀ ਲੋਕਲ ਤੇ ਜਿਨ੍ਹਾਂ ਕਿਸਾਨਾਂ ’ਤੇ ਪਰਚਾ ਦਰਜ ਕੀਤਾ ਗਿਆ, ਉਹ ਵੀ ਲੋਕਲ ਹਨ। ਉਨ੍ਹਾਂ ਕਿਹਾ ਕਿ ਇਲਾਕਾਵਾਦ ਦੇ ਨਾਮ ’ਤੇ ਵੋਟਾਂ ਹਾਸਲ ਕਰਨ ਵਾਲੇ ਵਿਧਾਇਕ ਨੂੰ ਹੁਣ ਆਪਣੇ ਹੀ ਹਲਕੇ ਦੇ ਕਿਸਾਨਾਂ ਖ਼ਿਲਾਫ਼ ਹੋਈ ਪੁਲਿਸ ਕਾਰਵਾਈ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਦੇ ਵਿਧਾਇਕ ਤੋਂ ਆਪਣੀਆਂ ਗਲਤ ਨੀਤੀਆਂ ਖ਼ਿਲਾਫ਼ ਵਿਰੋਧ ਬਰਦਾਸ਼ਤ ਨਹੀਂ ਹੁੰਦਾ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਵੀ ਵਿਧਾਇਕ ਨੂੰ ਕਿਸੇ ਕਿਸਾਨ ਜਥੇਬੰਦੀ ਜਾਂ ਸੰਸਥਾ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਅਕਸਰ ਇਹ ਸਵਾਲ ਚੁੱਕਦਾ ਹੈ ਕਿ ਸੰਘਰਸ਼ ਕਰਨ ਵਾਲੇ ਲੋਕ ਸਿਆਸੀ ਬੰਦਿਆਂ ਨੂੰ ਆਪਣੇ ਨਾਲ ਕਿਉਂ ਲੈ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਜਾਂ ਹੋਰ ਸੰਸਥਾਵਾਂ ਦੇ ਸੰਘਰਸ਼ ’ਚ ਸਿਆਸੀ ਲੋਕਾਂ ਦੀ ਸ਼ਮੂਲੀਅਤ ਗਲਤ ਹੈ ਤਾਂ ਇਹੀ ਕਸੌਟੀ ਸਭ ’ਤੇ ਲਾਗੂ ਹੋਣੀ ਚਾਹੀਦੀ ਹੈ। ਰਾਣਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਅਤੇ ਸੰਘਰਸ਼ਕਾਰੀ ਲੋਕਾਂ ਨੇ ਹਮੇਸ਼ਾ ਸਥਾਨਕ ਅਧਿਕਾਰੀਆਂ ਨਾਲ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਸੰਘਰਸ਼ ਨੂੰ ਸ਼ਾਂਤਮਈ ਢੰਗ ਨਾਲ ਅੱਗੇ ਵਧਾਇਆ ਹੈ, ਪਰ ਸਰਕਾਰ ਨੇ ਹੁਣ ਲੋਕਾਂ ਦਾ ਇਹ ਵਹਿਮ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਵਹਿਮ 2027 ਵਿਚ ਆਮ ਲੋਕ ਅਤੇ ਪੰਜਾਬ ਸਾਂਝੀਵਾਲਤਾ ਦਲ ਮਿਲ ਕੇ ਕੱਢਣਗੇ।