ਪਰਮਿੰਦਰ ਝੋਟਾ ਕਤਲ ਕਾਂਡ : ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ ਕੈਂਡਲ ਮਾਰਚ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਵੱਲੋਂ ਰੋਪੜ੍ਹ ਸ਼ਹਿਰ ਵਿਚ ਕੀਤਾ ਗਿਆ ਕੈਂਡਲ ਮਾਰਚ
Publish Date: Wed, 14 Oct 2026 06:16 PM (IST)
Updated Date: Wed, 14 Oct 2026 06:18 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ ਸਹਿਯੋਗੀ ਜਥੇਬੰਦੀਆਂ ਨਾਲ ਮਿਲਕੇ ਨਸ਼ਿਆਂ ਵਿਰੁੱਧ ਲਗਾਤਾਰ ਅਵਾਜ਼ ਬੁਲੰਦ ਕਰਨ ਵਾਲੇ ਸਮਾਜਸੇਵੀ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਰੋਪੜ੍ਹ ਸ਼ਹਿਰ ’ਚ ਦਲਜੀਤ ਸਿੰਘ ਗਿੱਲ ਤੇ ਜਗਮੀਤ ਸਿੰਘ ਮੁਗ਼ਲ ਮਾਜਰੀ ਦੀ ਅਗਵਾਈ ਹੇਠ ਕੈਂਡਲ ਮਾਰਚ ਕੱਢਿਆ ਗਿਆ ਅਤੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪੈ੍ਸ ਸਕੱਤਰ ਭੁਪਿੰਦਰ ਸਿੰਘ ਡੇਕਵਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ ਝੋਟੇ ਦੇ ਬੇਰਹਿਮੀ ਨਾਲ ਹੋਏ ਕਤਲ ਪ੍ਰਤੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਘਟਨਾ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਗਈ ਤੇ ਝੋਟੇ ਦੇ ਪਰਿਵਾਰ ਅਤੇ ਸੰਘਰਸ਼ ਕਮੇਟੀ ਦੀ ਹਰ ਕਾਲ ’ਤੇ ਪਹਿਰਾ ਦੇਣ ਦੀ ਗੱਲ ਆਖੀ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਹੁੰਦਿਆਂ ਆਖਿਆ ਕਿ ਪਰਵਿੰਦਰ ਸਿੰਘ ਝੋਟਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਨਿਡਰਤਾ ਨਾਲ ਲੜਾਈ ਲੜ ਰਿਹਾ ਸੀ ਅਜਿਹੇ ਲੋਕ ਹਿਤੈਸ਼ੀ ਅਤੇ ਦਲੇਰ ਨੌਜਵਾਨਾਂ ਦਾ ਸ਼ਰੇਆਮ ਕਤਲ ਹੋਣਾ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਵਿਅਕਤੀ ਦਾ ਕਤਲ ਨਹੀਂ ਸਗੋਂ ਨਸ਼ਿਆਂ ਖ਼ਿਲਾਫ਼ ਉਠ ਰਹੀ ਅਵਾਜ਼ ਨੂੰ ਮੌਕੇ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਵਲੋਂ ਦਬਾਉਣ ਦੀ ਕੋਝੀ ਸਾਜ਼ਿਸ ਹੈ। ਪਿਛਲੇ ਸਮੇਂ ’ਚ ਹੋਈਆਂ ਘਟਨਾਵਾਂ ਨੂੰ ਵੇਖਦਿਆਂ ਸਰਕਾਰਾਂ ਤੇ ਪ੍ਰਸ਼ਾਸਨ ਬਿਲਕੁਲ ਫੇਲ੍ਹ ਤੇ ਬੇਵੱਸ ਸਥਿਤੀ ’ਚ ਨਜ਼ਰ ਆ ਰਿਹਾ ਹੈ, ਜੇਕਰ ਸਰਕਾਰ ਵਲੋਂ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਨਾ ਕੀਤੀ ਅਤੇ ਸੰਘਰਸ ਕਮੇਟੀ ਵਲੋਂ ਰੱਖੀਆਂ ਗਈਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਕਮੇਟੀ ਵਲੋਂ ਦਿੱਤੇ ਹਰ ਸੱਦੇ ’ਤੇ ਪਹਿਰਾ ਦਿਤਾ ਜਾਵੇਗਾ। ਇਸ ਮੌਕੇ ਜਗਮੀਤ ਸਿੰਘ ਮੁਗ਼ਲ ਮਾਜਰੀ, ਭੁਪਿੰਦਰ ਸਿੰਘ ਡੇਕਵਾਲਾ, ਜਗਦੀਪ ਸਿੰਘ ਚੁਹੜਮਾਜਰਾ, ਗੁਰਪ੍ਰੀਤ ਸਿੰਘ ਚੂਹੜ ਮਾਜਰਾ, ਜਰਨੈਲ ਸਿੰਘ ਗੋਗੀ, ਅਮਨਦੀਪ ਸਿੰਘ ਡੇਕਵਾਲਾ, ਮੱਖਣ ਸਿੰਘ, ਦਿਲਬਾਗ ਸਿੰਘ, ਸਰਬਜੀਤ ਸਿੰਘ ਰੋਪੜ੍ਹ, ਮੁਖਤਿਆਰ ਸਿੰਘ ਫੂਲ,ਮੁਖਬਾਲ ਸਿੰਘ, ਬਲਵਿੰਦਰ ਸਿੰਘ ਸੈਫਲ ਪੁਰ, ਗੁਰਪ੍ਰੀਤ ਸਿੰਘ ਸੁਰਤਾ ਪੁਰ ਦਿਦਾਰ ਸਿੰਘ, ਸੁਖਵੀਰ ਸਿੰਘ ਭਾਗੋ ਮਾਜਰਾ, ਅਮ੍ਰਿਤਪਾਲ ਸਿੰਘ ਬੰਦੇ ਮਾਹਲਾਂ ਆਦਿ ਕਿਸਾਨ ਆਗੂ ਹਾਜ਼ਰ ਸਨ।