ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੱਦਾ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੱਦਾ
Publish Date: Sat, 10 Oct 2026 03:37 PM (IST)
Updated Date: Sat, 10 Oct 2026 03:38 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਮੌਕੇ ’ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਮਾਨਸਿਕ ਬਿਮਾਰੀਆਂ ਨਾਲ ਜੁੜੀਆਂ ਗ਼ਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਅਪੀਲ ਕੀਤੀ ਗਈ। ਇਸ ਦਿਵਸ ਦਾ ਮੁੱਖ ਉਦੇਸ਼ ਲੋਕਾਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ, ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਵਿਅਕਤੀਆਂ ਨੂੰ ਸਹਿਯੋਗ ਦੇਣਾ ਤੇ ਲੋੜ ਪੈਣ ’ਤੇ ਸਮੇਂ ਸਿਰ ਮਾਹਿਰਾਂ ਦੀ ਸਲਾਹ ਲੈਣ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਕਿਹਾ ਕਿ ਮਾਨਸਿਕ ਸਿਹਤ ਮਨੁੱਖ ਦੀ ਸਮੁੱਚੀ ਸਿਹਤ ਦਾ ਅਹਿਮ ਹਿੱਸਾ ਹੈ। ਜਿਵੇਂ ਸਰੀਰਕ ਬਿਮਾਰੀ ਹੋਣ ’ਤੇ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੁੰਦੀ ਹੈ, ਉਸੇ ਤਰ੍ਹਾਂ ਤਣਾਅ, ਚਿੰਤਾ, ਉਦਾਸੀ ਜਾਂ ਹੋਰ ਮਾਨਸਿਕ ਸਮੱਸਿਆਵਾਂ ਹੋਣ ’ਤੇ ਵੀ ਬਿਨਾਂ ਕਿਸੇ ਝਿਜਕ ਦੇ ਸਿਹਤ ਮਾਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸਮੱਸਿਆਵਾਂ ਨੂੰ ਕਮਜ਼ੋਰੀ ਸਮਝਣਾ ਜਾਂ ਇਨ੍ਹਾਂ ਨੂੰ ਲੁਕਾਉਣਾ ਸਹੀ ਨਹੀਂ ਹੈ। ਸਮੇਂ ਸਿਰ ਪਛਾਣ, ਸਹੀ ਇਲਾਜ ਅਤੇ ਪਰਿਵਾਰਕ ਸਹਿਯੋਗ ਨਾਲ ਕਈ ਮਾਨਸਿਕ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਕੰਮ ਦਾ ਦਬਾਅ, ਪਰਿਵਾਰਕ ਸਮੱਸਿਆਵਾਂ, ਆਰਥਿਕ ਚਿੰਤਾਵਾਂ ਅਤੇ ਸਮਾਜਿਕ ਤਣਾਅ ਕਾਰਨ ਲੋਕਾਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੀ ਮਾਨਸਿਕ ਸਿਹਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸੰਤੁਲਨ ਬਣਾਈ ਰੱਖਣ, ਨਿਯਮਿਤ ਕਸਰਤ ਕਰਨ, ਪੂਰੀ ਨੀਂਦ ਲੈਣ, ਸੰਤੁਲਿਤ ਖੁਰਾਕ ਖਾਣ ਅਤੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ। ਇਸ ਮੌਕੇ ਸਿਵਲ ਸਰਜਨ ਵੱਲੋਂ ਡਰੱਗ ਡੀ ਅਡਿਕਸ਼ਨ ਸੈਂਟਰ ਵਿਚ ਨਵੇਂ ਰੀਕ੍ਰੀਏਸ਼ਨ ਰੂਮ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਮਨੋਰੋਗ ਮਾਹਿਰ ਡਾ. ਕੰਵਰਬੀਰ ਨੇ ਮਾਨਸਿਕ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲਗਾਤਾਰ ਉਦਾਸੀ ਮਹਿਸੂਸ ਹੋਣਾ, ਬੇਵਜ੍ਹਾ ਘਬਰਾਹਟ, ਬਹੁਤ ਜ਼ਿਆਦਾ ਚਿੰਤਾ, ਨੀਂਦ ਜਾਂ ਭੁੱਖ ਵਿਚ ਤਬਦੀਲੀ, ਇਕਾਗਰਤਾ ਦੀ ਕਮੀ, ਲੋਕਾਂ ਤੋਂ ਦੂਰ ਰਹਿਣਾ ਅਤੇ ਰੋਜ਼ਾਨਾ ਦੇ ਕੰਮਾਂ ਵਿਚ ਦਿਲਚਸਪੀ ਘਟਣਾ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦੇ ਸੰਕੇਤ ਹੋ ਸਕਦੇ ਹਨ। ਜੇਕਰ ਅਜਿਹੇ ਲੱਛਣ ਲੰਬੇ ਸਮੇਂ ਤੱਕ ਬਣੇ ਰਹਿਣ ਜਾਂ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨ, ਤਾਂ ਮਨੋਰੋਗ ਮਾਹਿਰ ਜਾਂ ਹੋਰ ਯੋਗ ਸਿਹਤ ਪੇਸ਼ੇਵਰ ਦੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੜ੍ਹਾਈ, ਪ੍ਰੀਖਿਆਵਾਂ, ਰੁਜ਼ਗਾਰ ਅਤੇ ਹੋਰ ਮੁਕਾਬਲਿਆਂ ਦੇ ਦਬਾਅ ਨੂੰ ਇਕੱਲਿਆਂ ਸਹਿਣ ਦੀ ਬਜਾਏ ਆਪਣੇ ਮਾਪਿਆਂ, ਅਧਿਆਪਕਾਂ ਜਾਂ ਭਰੋਸੇਯੋਗ ਵਿਅਕਤੀਆਂ ਨਾਲ ਗੱਲਬਾਤ ਕਰਨ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣ, ਉਨ੍ਹਾਂ ’ਤੇ ਬੇਲੋੜਾ ਦਬਾਅ ਨਾ ਪਾਉਣ ਅਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਨ ਲਈ ਉਤਸ਼ਾਹਿਤ ਕਰਨ। ਅੰਤ ਵਿਚ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਡਾਕਟਰ ਉਰਮਿਲ ਗਰਗ ਡੀਐਮਸੀ ਅਤੇ ਮਨੋਰੋਗ ਮਾਹਿਰ ਡਾ. ਕੰਵਰਬੀਰ ਨੇ ਸਾਂਝਾ ਸੰਦੇਸ਼ ਦਿੰਦਿਆਂ ਕਿਹਾ ਕਿ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲ ਕਰਨਾ, ਸਮੇਂ ਸਿਰ ਮਦਦ ਲੈਣਾ ਅਤੇ ਇੱਕ-ਦੂਜੇ ਦਾ ਸਹਿਯੋਗ ਕਰਨਾ ਹੀ ਸਿਹਤਮੰਦ ਸਮਾਜ ਦੀ ਨੀਂਹ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਾਲ-ਨਾਲ ਆਪਣੇ ਪਰਿਵਾਰ ਅਤੇ ਸਮਾਜ ਦੀ ਮਾਨਸਿਕ ਸਿਹਤ ਦਾ ਵੀ ਖ਼ਿਆਲ ਰੱਖਣ। ਇਸ ਮੌਕੇ ਜ਼ਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਰਵਿੰਦਰ ਸਿੰਘ ,ਕੌਂਸਲਰ ਪ੍ਰਭਜੋਤ ਕੌਰ ਅਰਸ਼ਿਤਾ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।