ਦਿਨ-ਦਿਹਾੜੇ ਕਿਸਾਨ ਦੀਆਂ ਦੋ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਪਿੰਡ ਓਇੰਦ 'ਚ ਦਿਨ-ਦਿਹਾੜੇ ਕਿਸਾਨ ਦੀਆਂ ਦੋ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ
Publish Date: Wed, 18 Nov 2026 07:12 PM (IST)
Updated Date: Wed, 18 Nov 2026 07:15 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਮੋਰਿੰਡਾ : ਇਲਾਕੇ ’ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ’ਚ ਨੇੜਲੇ ਪਿੰਡ ਓਇੰਦ ਵਿਖੇ ਚੋਰਾਂ ਨੇ ਦਿਨ-ਦਿਹਾੜੇ ਕਿਸਾਨ ਕਿਰਪਾਲ ਸਿੰਘ ਪਟਵਾਰੀ ਦੀਆਂ ਦੋ ਖੇਤੀਬਾੜੀ ਮੋਟਰਾਂ ਤੋਂ ਕੇਬਲ ਤਾਰ ਚੋਰੀ ਕਰ ਲਈ, ਜਿਸ ਕਾਰਨ ਕਿਸਾਨ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਟਰ ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਛੋਟੂ ਅਤੇ ਪਿੰਡ ਦੇ ਸਮਾਜ ਸੇਵੀ ਤੇ ਵਿਦਿਅਕ ਚਿੰਤਕ ਸੁਰਮੁਖ ਸਿੰਘ ਬਾਬਾ ਨੇ ਦੱਸਿਆ ਕਿ ਦੁਪਹਿਰ ਲਗਭਗ 3 ਵਜੇ ਤੱਕ ਦੋਵਾਂ ਮੋਟਰਾਂ ਨਾਲ ਫ਼ਸਲ ਦੀ ਸਿੰਚਾਈ ਦਾ ਕੰਮ ਚੱਲ ਰਿਹਾ ਸੀ। 3 ਵਜੇ ਬਿਜਲੀ ਸਪਲਾਈ ਬੰਦ ਹੋਣ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਛੋਟੂ ਕਿਸਾਨ ਦੇ ਘਰ ਰੋਟੀ ਖਾਣ ਲਈ ਚਲਾ ਗਿਆ। ਛੋਟੂ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਸਾਢੇ ਚਾਰ ਵਜੇ ਵਾਪਸ ਖੇਤ ਪਰਤਿਆ ਤਾਂ ਦੇਖਿਆ ਕਿ ਦੋਵਾਂ ਮੋਟਰਾਂ ਦੀਆਂ ਕੇਬਲ ਤਾਰਾਂ ਕੱਟੀਆਂ ਹੋਈਆਂ ਸਨ ਅਤੇ ਚੋਰ ਤਾਰਾਂ ਲੈ ਕੇ ਫ਼ਰਾਰ ਹੋ ਚੁੱਕੇ ਸਨ। ਸੁਰਮੁਖ ਸਿੰਘ ਬਾਬਾ ਨੇ ਹੈਰਾਨੀ ਪ੍ਰਗਟ ਕਰਦਿਆਂ ਦੱਸਿਆ ਕਿ ਇਨ੍ਹਾਂ ਮੋਟਰਾਂ ਤੇ ਲਗਭਗ ਅੱਧੀ ਦਰਜਨ ਤੋਂ ਵੱਧ ਪ੍ਰਵਾਸੀ ਮਜ਼ਦੂਰ ਲਗਾਤਾਰ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਚੋਰਾਂ ਨੇ ਬੇਖ਼ੌਫ਼ ਹੋ ਕੇ ਦਿਨ-ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਲਾਕਾ ਨਿਵਾਸੀਆਂ ਅਤੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਉਧਰ ਜਦੋਂ ਇਸ ਸਬੰਧੀ ਪੁਲਿਸ ਚੌਕੀ ਲੁਠੇੜੀ ਦੇ ਇੰਚਾਰਜ ਏ.ਐਸ.ਆਈ. ਸੰਜੀਵ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਚੋਰੀ ਸਬੰਧੀ ਹੁਣ ਤੱਕ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ, ਪਰ ਫਿਰ ਵੀ ਉਹ ਪਿੰਡ ਜਾ ਕੇ ਇਸ ਮਾਮਲੇ ਦੀ ਜਾਂਚ ਕਰਨਗੇ।