ਨੌਜਵਾਨਾਂ ’ਚ ਟੀਮ ਭਾਵਨਾ ਪੈਦਾ ਕਰਦੀਆਂ ਹਨ ਖੇਡਾਂ ਗੱਜਪੁਰ ਦੇ ਕਬੱਡੀ ਮੇਲੇ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਿਰਕਤ
Publish Date: Tue, 17 Nov 2026 07:23 PM (IST)
Updated Date: Tue, 17 Nov 2026 07:24 PM (IST)
ਗੱਜਪੁਰ ਦੇ ਕਬੱਡੀ ਮੇਲੇ ’ਚ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਪੁੱਜੇ ਬੈਂਸ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ’ਚ ਅਨੁਸ਼ਾਸਨ, ਆਪਸੀ ਭਾਈਚਾਰੇ ਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ, ਤਾਂ ਜੋ ਉਹ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਆਪਣੀ ਊਰਜਾ ਨੂੰ ਉਸਾਰੂ ਪਾਸੇ ਲਗਾ ਸਕਣ। ਕੈਬਨਿਟ ਮੰਤਰੀ ਕੁਲਤਾਰ ਸਿੰਘ ਰਿੱਠੂ ਦੀ ਯਾਦ ’ਚ ਬਾਬਾ ਖੜਕ ਸਿੰਘ ਕਬੱਡੀ ਕਲੱਬ ਪਿੰਡ ਗੱਜਪੁਰ ਬੇਲਾ ਵੱਲੋਂ ਕਰਵਾਏ ਗਏ ਚੌਥੇ ਕਬੱਡੀ ਖੇਡ ਮੇਲੇ ਮੌਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ। ਇਸ ਖੇਡ ਮੇਲੇ ਦੌਰਾਨ ਵੱਖ-ਵੱਖ ਭਾਰ ਵਰਗਾਂ ਅਨੁਸਾਰ 32 ਕਿਲੋਗ੍ਰਾਮ, 38 ਕਿਲੋਗ੍ਰਾਮ, 50 ਕਿਲੋਗ੍ਰਾਮ ਤੇ 65 ਕਿਲੋਗ੍ਰਾਮ ਦੇ ਕਬੱਡੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਖਿਡਾਰੀਆਂ ਨੇ ਮੈਦਾਨ ’ਚ ਆਪਣੀ ਖੇਡ ਪ੍ਰਤਿਭਾ ’ਤੇ ਫੁਰਤੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਵੱਖ-ਵੱਖ ਭਾਰ ਵਰਗਾਂ ’ਚ ਹੋਏ ਇਨ੍ਹਾਂ ਮੁਕਾਬਲਿਆਂ ਨੇ ਖੇਡ ਪ੍ਰੇਮੀਆਂ ’ਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ 32 ਕਿਲੋਗ੍ਰਾਮ ਭਾਰ ਵਰਗ ’ਚ ਗੱਜਪੁਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ 38 ਕਿਲੋਗ੍ਰਾਮ ਭਾਰ ਵਰਗ ’ਚ ਹਰੀਵਾਲ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ 50 ਕਿਲੋਗ੍ਰਾਮ ਭਾਰ ਵਰਗ ’ਚ ਵੀ ਹਰੀਵਾਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 65 ਕਿਲੋਗ੍ਰਾਮ ਭਾਰ ਵਰਗ ’ਚ ਰੌਲੀ ਝਿੰਜੜੀ ਦੀ ਟੀਮ ਨੇ ਜਿੱਤ ਦਰਜ ਕੀਤੀ। ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਪਿੰਦਰ ਸਿੰਘ ਗੋਲਡੀ, ਕੈਸ਼ੀਅਰ ਭਗਵੰਤ ਸਿੰਘ, ਸਕੱਤਰ ਬਹਾਦਰ ਸਿੰਘ, ਹੁਸ਼ਿਆਰਪੁਰ ਲੋਗੀਆਂ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਤੋਂ ਇਲਾਵਾ ਪਿੰਡ ਵਾਸੀ ਤੇ ਖੇਡ ਪ੍ਰੇਮੀ ਵੱਡੀ ਗਿਣਤੀ ’ਚ ਹਾਜ਼ਰ ਸਨ।