ਬੀਬੀਐਮਬੀ ਵੱਲੋਂ ਕੀਤੀ ਕਾਰਵਾਈ ਦੀ ਕੈਬਨਿਟ ਮੰਤਰੀ ਨੇ ਕੀਤੀ ਨਿਖੇਧੀ ਬੀਬੀਐਮਬੀ ਵੱਲੋਂ ਕਿਲਨ ਏਰੀਆ ਵਿੱਚ ਕੀਤੀ ਗਈ ਕਾਰਵਾਈ ਦੀ ਕੈਬਨਿਟ ਮੰਤਰੀ ਨੇ ਕੀਤੀ ਨਿਖੇਧੀ
Publish Date: Tue, 06 Oct 2026 05:57 PM (IST)
Updated Date: Tue, 06 Oct 2026 05:59 PM (IST)
ਅਮਨ ਅਮਾਨ ਕਾਇਮ ਰੱਖਣਾ ਪੰਜਾਬ ਪੁਲਿਸ ਦੀ ਡਿਊਟੀ ਨਾ ਕਿ ਸੀਆਈਐਸਐਫ ਦੀ : ਬੈਂਸ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਬੀਤੇ ਦਿਨ ਕਿਲਨ ਏਰੀਆ ’ਚ ਬੀਬੀਐਮਬੀ ਵਿਭਾਗ ਵੱਲੋਂ ਚਲਾਏ ਗਏ ਪੀਲੇ ਪੰਜੇ ਦੌਰਾਨ ਮਦਦ ਲਈ ਲਿਆਂਉਦੇ ਗਏ ਸੀਆਈਐਸਐਫ ਦੇ ਮੁਲਾਜ਼ਮਾਂ ਦੀ ਕਾਰਵਾਈ ਦਾ ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਖਤ ਨੋਟਿਸ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਆਪਣੀਆਂ ਤਾਕਤਾਂ ਦੀ ਸ਼ਰੇਆਮ ਦੁਰਵਰਤੋ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਇਸ ’ਤੇ ਸੀਆਈਏ ਐਸਐਫ ਦੇ ਸੀਨੀਅਰ ਅਧਿਕਾਰੀਆਂ ਨੂੰ ਇੱਕ ਪੱਤਰ ਲਿਖ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਅਮਨ ਅਮਾਨ ਦੀ ਸਥਿਤੀ ਨੂੰ ਲਾਗੂ ਕਰਕੇ ਰੱਖਣਾ ਪੰਜਾਬ ਪੁਲਿਸ ਦੀ ਜਿੰਮੇਵਾਰੀ ਹੈ ਨਾ ਕਿ ਸੀਆਈਐਸਐਫ ਦੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਕਰਨਾ ਪੰਜਾਬ ਪੁਲਿਸ ਦੇ ਆਧਿਕਾਰ ਖੇਤਰ ’ਚ ਨਾਜਾਇਜ਼ ਦਖਲ ਅੰਦਾਜ਼ੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀਬੀਐਮਬੀ ਵਿਭਾਗ ਦੇ ਚੀਫ ਇੰਜੀਨੀਅਰ ਅਤੇ ਚੇਅਰਮੈਨ ਨੂੰ ਉਹਨਾਂ ਵੱਲੋਂ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਇਹੋ ਜਿਹੀਆਂ ਗੈਰ ਕਾਨੂੰਨੀ ਕਾਰਵਾਈਆਂ ਨਾ ਕਰਨ, ਜੇਕਰ ਉਹਨਾਂ ਵੱਲੋਂ ਠੱਲ ਨਾ ਪਾਈ ਗਈ ਤਾਂ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਾਰਵਾਈ ਕਰੇਗੀ । ਉਨ੍ਹਾਂ ਨੇ ਕਿਹਾ ਕਿ ਬੀਬੀਐਮਬੀ ਵਿਭਾਗ ਦੇ ਕੋਲ ਰੱਖੀ ਗਈ ਸੀ ਆਈਐਸਐਫ ਦੀ ਡੈਮ ਦੀ ਸੁਰੱਖਿਆ ਕਰਨ ਦੀ ਡਿਊਟੀ ਹੈ ਨਾ ਕਿ ਨੰਗਲ ਦੇ ਕਾਰਜਾਂ ਵਿੱਚ ਦਖਲ ਅੰਦਾਜੀ ਕਰਨ ਦੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਲੋਕਾਂ ਦੇ ਬਣਾਏ ਜਾ ਰਹੇ ਮਕਾਨਾਂ ਨੂੰ ਢਾਹਿਆ ਜਾ ਰਿਹਾ ਹੈ, ਜਦੋਂ ਕਿ ਆਪਣੀ ਜਿੰਮੇਵਾਰੀ ਤੋਂ ਭੱਜ ਕੇ ਬੀਬੀਐਮਬੀ ਦੇ ਮਕਾਨਾਂ ਦੀ ਖਸਤਾ ਹਾਲਤ ਹੈ ਅਤੇ ਉਨ੍ਹਾਂ ਦੇ ’ਚ ਨਸ਼ੇੜੀ ਪਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਿਲੀਜ਼ ਪਾਲਿਸੀ ’ਤੇ ਵੀ ਕੰਮ ਕਰ ਰਹੀ ਹੈ ਤੇ ਛੇਤੀ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ।