ਬਰੋਟਾ ਸਾਹਿਬ-11 ਨੇ ਜਿੱਤਿਆ ਦੋਲੋਵਾਲ ਲੋਅਰ ਦਾ ਕ੍ਰਿਕਟ ਟੂਰਨਾਮੈਂਟ ਬਰੋਟਾ ਸਾਹਿਬ-11 ਨੇ ਜਿੱਤਿਆ ਦੋਲੋਵਾਲ ਲੋਅਰ ਦਾ ਕ੍ਰਿਕਟ ਟੂਰਨਾਮੈਂਟ
Publish Date: Mon, 26 Oct 2026 04:07 PM (IST)
Updated Date: Mon, 26 Oct 2026 04:10 PM (IST)
ਨੌਜਵਾਨਾਂ ਨੇ ਡਾ. ਸੁਭਾਸ਼ ਸ਼ਰਮਾ ਦੇ ਉਪਰਾਲੇ ਦੀ ਕੀਤੀ ਸ਼ਲਾਘਾ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪਿੰਡ ਦੋਲੋਵਾਲ ਲੋਅਰ ਵਿਖੇ ਕਰਵਾਏ ਗਏ ਨਮੋ ਲੀਗ ਦੇ ਦੂਜੇ ਕ੍ਰਿਕਟ ਟੂਰਨਾਮੈਂਟ ’ਚ ਬਰੋਟਾ ਸਾਹਿਬ-11 ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੂਰਨਾਮੈਂਟ ਆਪਣੇ ਨਾਂ ਕੀਤਾ। ਫਾਈਨਲ ਮੁਕਾਬਲੇ ’ਚ ਬਰੋਟਾ ਸਾਹਿਬ-11 ਨੇ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ। ਇਸ ਟੂਰਨਾਮੈਂਟ ’ਚ ਕਰੀਬ 16 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ’ਚ ਭਾਗ ਲੈਣ ਵਾਲੇ ਨੌਜਵਾਨ ਖਿਡਾਰੀਆਂ ਨੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਵੱਲੋਂ ਹਲਕੇ ਅੰਦਰ ਪਿੰਡ ਪੱਧਰ ’ਤੇ ਕਰਵਾਏ ਜਾ ਰਹੇ ਨਮੋ ਕ੍ਰਿਕਟ ਟੂਰਨਾਮੈਂਟਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ। ਪਿੰਡਾਂ ’ਚ ਖੇਡ ਮੁਕਾਬਲੇ ਕਰਵਾਉਣ ਨਾਲ ਸਥਾਨਕ ਖਿਡਾਰੀਆਂ ਨੂੰ ਆਪਣੀ ਕਾਬਲੀਅਤ ਸਾਬਤ ਕਰਨ ਅਤੇ ਅੱਗੇ ਵਧਣ ਦੇ ਮੌਕੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਨੌਜਵਾਨਾਂ ਨੂੰ ਖੇਡਾਂ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਵੀ ਲਾਜ਼ਮੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ’ਚ ਵੀ ਅਜਿਹੇ ਟੂਰਨਾਮੈਂਟ ਲਗਾਤਾਰ ਕਰਵਾਏ ਜਾਣਗੇ, ਜਿਸ ਨਾਲ ਪਿੰਡਾਂ ਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਉੱਚ ਪੱਧਰ ’ਤੇ ਪਹੁੰਚਣ ਦਾ ਮੌਕਾ ਮਿਲੇਗਾ। ਇਸ ਮੌਕੇ ਡਾ. ਸੁਭਾਸ਼ ਸ਼ਰਮਾ ਨੇ ਜੇਤੂ ਬਰੋਟਾ ਸਾਹਿਬ-11 ਦੀ ਟੀਮ ਦਾ ਸਨਮਾਨ ਕਰਦਿਆਂ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਨਸ਼ਿਆਂ ਵਿਰੁੱਧ ਲੜਾਈ ’ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਸ ਟੂਰਨਾਮੈਂਟ ਦੌਰਾਨ ਬਰੋਟਾ 11 ਵਿਚ ਨੌਜਵਾਨ ਖਿਡਾਰੀਆਂ ’ਚ ਮਹਿੰਦਰ ਪਾਲ ਪੰਮੂ (ਕਪਤਾਨ), ਭੁਪਿੰਦਰ, ਲਾਡੀ, ਅਮਨ, ਚਮਨ ਲਾਲ, ਸ਼ੈਂਕੀ ਸੈਣੀ, ਸਿਮਰ, ਨਵੀ, ਜਤਿਨ, ਸੰਮਰ ਅਤੇ ਜੱਸੀ ਆਦਿ ਸ਼ਾਮਿਲ ਸਨ ।