ਪਿੰਡ ਹੰਬੋਲੀ ਦੇ ਸਕਸ਼ਮ ਬਾਕਸਿੰਗ ਕਲੱਬ ਦੇ ਮੁੱਕੇਬਾਜ਼ਾਂ ਨੇ ਮਾਰੀਆਂ ਮੱਲਾਂ ਊਨਾ ਦੇ ਪਿੰਡ ਹੰਬੋਲੀ ਦੇ ਸਕਸ਼ਮ ਬਾਕਸਿੰਗ ਕਲੱਬ ਦੇ ਮੁੱਕੇਬਾਜ਼ਾਂ ਨੇ ਮਾਰੀਆਂ ਮੱਲਾਂ
Publish Date: Sun, 01 Nov 2026 04:39 PM (IST)
Updated Date: Sun, 01 Nov 2026 04:41 PM (IST)
ਸ਼ਾਨਦਾਰ ਪ੍ਰਾਪਤੀਆਂ ਲਈ ਸੀ.ਐੱਮ. ਸੁੱਖੂ ਨੇ ਕੀਤਾ ਸਨਮਾਨ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਸ਼ਿਮਲਾ ਵਿਖੇ ਨੰਗਲ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਪਿੰਡ ਹੰਬੋਲੀ ਦੇ ‘ਸਕਸ਼ਮ ਬਾਕਸਿੰਗ ਕਲੱਬ’ ਦੇ ਤਿੰਨ ਹੋਣਹਾਰ ਮੁੱਕੇਬਾਜ਼ਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਇਹ ਸਾਰੇ ਖਿਡਾਰੀ ਪਿੰਡ ਹੰਬੋਲੀ ਵਿਖੇ ਸਥਿਤ ਅਕੈਡਮੀ ’ਚ ਕੋਚ ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸਰੋਜ ਦੀ ਦੇਖ-ਰੇਖ ਹੇਠ ਸਖ਼ਤ ਸਿਖਲਾਈ ਲੈ ਰਹੇ ਹਨ, ਜਿੱਥੇ ਕੋਚ ਰਾਜੇਸ਼ ਅਨੁਸਾਰ ਉਨ੍ਹਾਂ ਨੇ ਕੋਵਿਡ ਦੌਰਾਨ 2020 ’ਚ ਇਹ ਅਕੈਡਮੀ ਸ਼ੁਰੂ ਕੀਤੀ ਸੀ ਤੇ ਅੱਜ ਕਰੀਬ 100 ਬੱਚੇ ਸਿਖਲਾਈ ਲੈ ਰਹੇ ਹਨ ਜਿਨ੍ਹਾਂ ਵਿੱਚੋਂ ਲਗਭਗ 80 ਬੱਚੇ ਕੌਮੀ ਪੱਧਰ ’ਤੇ ਖੇਡ ਕੇ ਕਈ ਤਗਮੇ ਜਿੱਤ ਚੁੱਕੇ ਹਨ। ਸਨਮਾਨਿਤ ਹੋਏ ਇਨ੍ਹਾਂ ਖਿਡਾਰੀਆਂ ’ਚ ਪਿੰਡ ਬੰਜਾਲ ਦਾ ਰਹਿਣ ਵਾਲਾ ਆਰੀਅਨ ਸ਼ਾਮਲ ਹੈ, ਜੋ ਦੋ ਵਾਰ ਦਾ ਨੈਸ਼ਨਲ ਮੈਡਲਿਸਟ ਹੈ ਤੇ ਉਸਨੇ ਯੂਥ ਨੈਸ਼ਨਲ ਗੇਮਜ਼ ਤੇ ਖੇਲੋ ਇੰਡੀਆ ’ਚ ਚਾਂਦੀ ਦਾ ਤਗਮਾ ਜਿੱਤਣ ਦੇ ਨਾਲ-ਨਾਲ ਚੀਨ ’ਚ ਅੰਤਰਰਾਸ਼ਟਰੀ ਟੂਰਨਾਮੈਂਟ ਵੀ ਖੇਡਿਆ ਹੈ। ਆਰੀਅਨ ਰੋਜ਼ਾਨਾ ਸਵੇਰੇ 4:30 ਵਜੇ ਉੱਠ ਕੇ ਸਖ਼ਤ ਟ੍ਰੇਨਿੰਗ ਕਰਦਾ ਹੈ ਤੇ ਉਸਦਾ ਸੁਪਨਾ ਓਲੰਪਿਕ ’ਚ ਭਾਰਤ ਦੀ ਪ੍ਰਤੀਨਿਧਤਾ ਕਰਨਾ ਹੈ। ਇਸੇ ਕਲੱਬ ਦੀ 17 ਸਾਲਾ ਅਕਸ਼ਰਾ ਨੇ ਪਿਛਲੇ ਸਾਲ ਨੈਸ਼ਨਲ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ ਤੇ ਆਪਣੇ ਪਿਤਾ ਤੋਂ ਪ੍ਰੇਰਿਤ ਹੋ ਕੇ ਬਾਕਸਿੰਗ ’ਚ ਆਈ ਅਕਸ਼ਰਾ ਸਵੇਰੇ-ਸ਼ਾਮ ਦੀ ਸਿਖਲਾਈ ਦੇ ਨਾਲ-ਨਾਲ ਦੁਪਹਿਰ ਵੇਲੇ ਆਪਣੀ ਪੜ੍ਹਾਈ ਨੂੰ ਵੀ ਪੂਰਾ ਸਮਾਂ ਦਿੰਦੀ ਹੈ ਤਾਂ ਜੋ ਉਹ ਅੰਤਰਰਾਸ਼ਟਰੀ ਪੱਧਰ ’ਤੇ ਖੇਡ ਕੇ ਦੇਸ਼ ਦਾ ਨਾਂ ਰੌਸ਼ਨ ਕਰ ਸਕੇ। ਤੀਜੀ ਖਿਡਾਰਨ 15 ਸਾਲਾ ਮਹਿਕ ਭਾਰਦਵਾਜ ਹੈ, ਜੋ ਪਿਛਲੇ 7 ਸਾਲਾਂ ਤੋਂ ਇਸੇ ਅਕੈਡਮੀ ’ਚ ਟ੍ਰੇਨਿੰਗ ਕਰ ਰਹੀ ਹੈ ਤੇ ਤਿੰਨ ਵਾਰ ਨੈਸ਼ਨਲ ਖੇਡ ਚੁੱਕੀ ਮਹਿਕ ਨੇ ਹਾਲ ਹੀ ’ਚ ਹਮੀਰਪੁਰ ਸਟੇਟ ਖੇਡਾਂ ’ਚ ਅੰਡਰ-17 ਅਤੇ ਅੰਡਰ-19 ਦੋਵਾਂ ਵਰਗਾਂ ’ਚ ਸੋਨ ਤਗਮਾ ਜਿੱਤਿਆ ਹੈ ਤੇ ਹੁਣ ਅੰਡਰ-17 ਨੈਸ਼ਨਲ ਲਈ ਵੀ ਚੁਣੀ ਗਈ ਹੈ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਮੁੱਖ ਮੰਤਰੀ ਵੱਲੋਂ ਮਿਲੇ ਇਸ ਸਨਮਾਨ ਅਤੇ ਆਪਣੀ ਕਾਮਯਾਬੀ ਦਾ ਪੂਰਾ ਸਿਹਰਾ ਆਪਣੇ ਕੋਚਾਂ ਦੀ ਸਖ਼ਤ ਮਿਹਨਤ, ਸਹੀ ਮਾਰਗਦਰਸ਼ਨ ਅਤੇ ਆਪਣੇ ਮਾਪਿਆਂ ਦੇ ਅਟੁੱਟ ਸਹਿਯੋਗ ਨੂੰ ਦਿੱਤਾ ਹੈ। ਕੋਚ ਰਾਜੇਸ਼ ਕੁਮਾਰ ਦਾ ਮੰਨਣਾ ਹੈ ਕਿ ਸਾਡੇ ਛੋਟੇ ਪਿੰਡਾਂ ’ਚ ਬਹੁਤ ਵੱਡਾ ਟੇਲੈਂਟ ਛੁਪਿਆ ਹੋਇਆ ਹੈ, ਬਸ ਸਹੀ ਸੇਧ ਮਿਲਣ ’ਤੇ ਅਸੀਂ 2036 ਦੀਆਂ ਓਲੰਪਿਕਸ ਲਈ ਵੀ ਬਿਹਤਰੀਨ ਖਿਡਾਰੀ ਤਿਆਰ ਕਰ ਸਕਦੇ ਹਾਂ। ਸਾਰੇ ਖਿਡਾਰੀਆਂ ਤੇ ਕੋਚ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇੱਕ ਖਾਸ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਦੂਰ ਰਹਿਣ ਅਤੇ ਆਪਣਾ ਧਿਆਨ ਖੇਡਾਂ ਵੱਲ ਲਗਾਉਣ ਤਾਂ ਜੋ ਆਪਣਾ ਅਤੇ ਦੇਸ਼ ਦਾ ਭਵਿੱਖ ਸਵਾਰਿਆ ਜਾ ਸਕੇ।