ਘਰੋਂ ਭੰਡਾਰੇ ’ਤੇ ਗਏ ਨੌਜਵਾਨ ਦੀ ਲਾਸ਼ ਬਰਾਮਦ ਘਰੋਂ ਭੰਡਾਰੇ ’ਤੇ ਗਏ ਨੌਜਵਾਨ ਲਾਲੀ ਕਾਈਨੌਰ ਦੀ ਸੰਘੋਲ ਦੇ ਟੋਭੇ ’ਚੋਂ ਮਿਲੀ ਲਾਸ਼
Publish Date: Mon, 23 Nov 2026 05:55 PM (IST)
Updated Date: Mon, 23 Nov 2026 05:58 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ,ਮੋਰਿੰਡਾ : ਪਿੰਡ ਕਈਨੌਰ ਦੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਲਾਸ਼ ਉੱਚਾ ਪਿੰਡ ਸੰਘੋਲ ਦੇ ਇੱਕ ਟੋਭੇ ਵਿੱਚੋਂ ਬਰਾਮਦ ਹੋਈ ਜਦਕਿ ਉਸ ਦੀਆਂ ਚੱਪਲਾਂ ਟੋਬੇ ਤੋਂ ਬਾਹਰ ਮਿਲੀਆਂ ਦੱਸੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਉਹ ਆਪਣੀ ਮਾਤਾ ਨਾਲ ਪੀਰਾਂ ਦੀ ਦਰਗਾਹ ’ਤੇ ਲੱਗੇ ਭੰਡਾਰੇ ’ਚ ਸ਼ਾਮਲ ਹੋਣ ਲਈ ਗਿਆ ਸੀ। ਪਰਿਵਾਰ ਨੇ ਕਤਲ ਦਾ ਸ਼ੱਕ ਜਤਾਉਂਦਿਆਂ ਦੋ ਨੌਜਵਾਨਾਂ ’ਤੇ ਉਂਗਲ ਉਠਾਈ ਹੈ ਤੇ ਪੁਲਿਸ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਮਾਤਾ ਗੁਲਸ਼ਨ ਕਾਈਨੌਰ ਨੇ ਦੱਸਿਆ ਕਿ ਉਹ ਹਰ ਸਾਲ ਦੀ ਤਰ੍ਹਾਂ ਆਪਣੇ ਪੁੱਤਰ ਲਾਲੀ ਨਾਲ ਉੱਚਾ ਪਿੰਡ ਸੰਘੋਲ ਵਿਖੇ ਪੀਰਾਂ ਦੀ ਜਗ੍ਹਾ ’ਤੇ ਮੱਥਾ ਟੇਕਣ ਤੇ ਭੰਡਾਰੇ ’ਚ ਸ਼ਾਮਲ ਹੋਣ ਲਈ ਗਈ ਸੀ। ਦਿਨ ਵੇਲੇ ਉੱਥੇ ਕੁਸ਼ਤੀ ਮੁਕਾਬਲੇ ਤੇ ਭੰਡਾਰਾ ਦੇਖਣ ਤੋਂ ਬਾਅਦ ਰਾਤ ਕਰੀਬ 8 ਤੋਂ 9 ਵਜੇ ਜਦੋਂ ਰੋਟੀ ਵਰਤਾਈ ਜਾ ਰਹੀ ਸੀ ਤਾਂ ਉੱਥੇ ਮੌਜੂਦ ਨਸੀਬ ਪੁੱਤਰ ਬਹਾਦਰ ਤੇ ਸਾਹਿਲ ਸਮੇਤ ਕੁਝ ਨੌਜਵਾਨ ਉਨ੍ਹਾਂ ਦੇ ਪੁੱਤਰ ਨੂੰ ਆਪਣੇ ਨਾਲ ਬੁਲਾ ਕੇ ਲੈ ਗਏ। ਇਸ ਤੋਂ ਬਾਅਦ ਲਾਲੀ ਘਰ ਵਾਪਸ ਨਹੀਂ ਪਰਤਿਆ। ਪਰਿਵਾਰ ਅਨੁਸਾਰ, ਤਿੰਨ ਦਿਨਾਂ ਬਾਅਦ ਨੌਜਵਾਨ ਦੀ ਲਾਸ਼ ਪਿੰਡ ਦੇ ਟੋਭੇ ’ਚ ਮੂੰਹ ਭਾਰ ਪਈ ਮਿਲੀ, ਜਦਕਿ ਉਸ ਦੀਆਂ ਚੱਪਲਾਂ ਟੋਭੇ ਦੇ ਬਾਹਰ ਪਈਆਂ ਸਨ। ਮਾਤਾ ਗੁਲਸ਼ਨ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਤਾਉਂਦਿਆਂ ਬਰਾਦਰੀ ਦੇ ਹੀ ਉਕਤ ਦੋ ਨੌਜਵਾਨਾਂ ’ਤੇ ਪੁਰਾਣੀ ਰੰਜਿਸ਼ ਕਾਰਨ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ ਪ੍ਰਗਟਾਇਆ ਹੈ। ਪਿੰਡ ਕਈਨੌਰ ਦੇ ਵਸਨੀਕ ਗੁਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪਰਿਵਾਰ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ ਤੇ ਪਿਛਲੇ ਕਰੀਬ 10 ਸਾਲਾਂ ਤੋਂ ਪਿੰਡ ’ਚ ਰਹਿ ਰਿਹਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰ ਹਵਾਲੇ ਕਰ ਦਿੱਤਾ ਸੀ। ਨੌਜਵਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਦੋਂ ਪੁਲਿਸ ਚੌਕੀ ਉੱਚਾ ਪਿੰਡ ਸੰਘੋਲ ਦੇ ਇੰਚਾਰਜ ਬਲਕਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ ਲਾਸ਼ ਬਰਾਮਦ ਕਰਕੇ ਬੀਐਨਐਸ ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ l