ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਬ੍ਰਹਮਪੁਰ ਨੇੜੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Publish Date: Sat, 22 Aug 2026 05:40 PM (IST)
Updated Date: Sat, 22 Aug 2026 05:42 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਨੇੜਲੇ ਪਿੰਡ ਬ੍ਰਹਮਪੁਰ ਕੋਲੋਂ ਲੰਘਦੀ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਸਾਈਫਨ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਪੁਰਾਣੀ ਅਤੇ ਖ਼ਰਾਬ ਹਾਲਤ ਵਿੱਚ ਮਿਲੀ ਲਾਸ਼ ਨੂੰ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਸ਼ ਨੂੰ ਸਭ ਤੋਂ ਪਹਿਲਾਂ ਦੇਖਣ ਵਾਲੇ ਪਿੰਡ ਬ੍ਰਹਮਪੁਰ ਦੇ ਵਸਨੀਕ ਅਤੇ ਗੋਤਾਖੋਰ ਸ਼ਿਵ ਕਪਿਲ ਨੇ ਦੱਸਿਆ ਕਿ ਉਹ ਨਹਿਰ ਵੱਲ ਆਏ ਸਨ, ਉਨ੍ਹਾਂ ਨੂੰ ਉੱਥੇ ਨਹਿਰ ਤੇ ਤੈਰ ਰਹੇ ਕੂੜੇ ਵਿੱਚ ਕੁਝ ਫਸਿਆ ਹੋਇਆ ਦਿਖਾਈ ਦਿੱਤਾ। ਪਹਿਲਾਂ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਕੋਈ ਗੱਤੇ ਦਾ ਟੁਕੜਾ ਹੈ, ਪਰ ਨੇੜੇ ਜਾ ਕੇ ਦੇਖਣ ਤੇ ਪਤਾ ਲੱਗਾ ਕਿ ਇਹ ਕਿਸੇ ਇਨਸਾਨ ਦੀ ਬਹੁਤ ਪੁਰਾਣੀ ਲਾਸ਼ ਹੈ, ਜਿਸ ਦਾ ਸਿਰਫ਼ ਪਿੰਜਰ ਹੀ ਦਿਖਾਈ ਦੇ ਰਿਹਾ ਸੀ ਅਤੇ ਚਿਹਰੇ ਤੋਂ ਕੋਈ ਪਛਾਣ ਨਹੀਂ ਆ ਰਹੀ ਸੀ। ਇਸ ਮਗਰੋਂ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਲਾਸ਼ ਨੂੰ ਕੱਢ ਕੇ ਪੁਲਿਸ ਹਵਾਲੇ ਕੀਤਾ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਵਿੱਚ ਲਾਸ਼ ਤੈਰ ਰਹੀ ਹੈ, ਜਿਸ ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਕੁੱਝ ਵਿਅਕਤੀਆਂ ਦੀ ਮਦਦ ਨਾਲ ਇਸਨੂੰ ਬਾਹਰ ਕਢਵਾਇਆ। ਉਨ੍ਹਾਂ ਪੁਸ਼ਟੀ ਕੀਤੀ ਕਿ ਇਹ ਲਾਸ਼ ਕਿਸੇ ਮਰਦ ਦੀ ਹੈ ਅਤੇ ਲਗਭਗ ਡੇਢ-ਦੋ ਮਹੀਨੇ ਪੁਰਾਣੀ ਜਾਪਦੀ ਹੈ। ਮ੍ਰਿਤਕ ਦੇ ਸ਼ਰੀਰ ਤੇ ਸਿਰਫ਼ ਅੰਡਰਵੀਅਰ ਦਾ ਕੁਝ ਹਿੱਸਾ ਹੀ ਬਚਿਆ ਹੈ ਅਤੇ ਸ਼ਰੀਰ ਦੀ ਐਸੀ ਕੋਈ ਨਿਸ਼ਾਨੀ ਨਹੀਂ ਬਚੀ ਜਿਸ ਤੋਂ ਤੁਰੰਤ ਪਛਾਣ ਕੀਤੀ ਜਾ ਸਕੇ। ਪੁਲਿਸ ਅਧਿਕਾਰੀ ਅਨੁਸਾਰ ਲਾਸ਼ ਨੂੰ ਸ਼ਨਾਖਤ ਵਾਸਤੇ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵਾਇਰਲੈੱਸ ਮੈਸੇਜ ਕਰਵਾ ਦਿੱਤੇ ਗਏ ਹਨ ਤਾਂ ਜੋ ਗੁੰਮਸ਼ੁਦਾ ਵਿਅਕਤੀਆਂ ਦੇ ਵੇਰਵਿਆਂ ਰਾਹੀਂ ਇਸ ਅਣਪਛਾਤੀ ਲਾਸ਼ ਦੀ ਜਲਦ ਪਛਾਣ ਕੀਤੀ ਜਾ ਸਕੇ।