ਸ਼ੱਕੀ ਹਾਲਾਤਾਂ ’ਚ ਨੌਜਵਾਨ ਦੀ ਲਾਸ਼ ਬਰਾਮਦ ਮੋਰਿੰਡਾ 'ਚ ਸ਼ੱਕੀ ਹਾਲਾਤਾਂ 'ਚ ਮਿਲੀ ਨੌਜਵਾਨ ਦੀ ਗਲੀ-ਸੜੀ ਲਾਸ਼
Publish Date: Tue, 24 Nov 2026 05:05 PM (IST)
Updated Date: Tue, 24 Nov 2026 05:07 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਦੇ ਬਲਦੇਵ ਨਗਰ ਇਲਾਕੇ ’ਚੋਂ ਇੱਕ ਨੌਜਵਾਨ ਦੀ ਕਾਫੀ ਪੁਰਾਣੀ ਤੇ ਗਲੀ-ਸੜੀ ਹਾਲਤ ’ਚ ਲਾਸ਼ ਬਰਾਮਦ ਹੋਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਸ਼ ਕਾਫੀ ਦਿਨ ਪੁਰਾਣੀ ਹੋਣ ਕਾਰਨ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਸੀ ਤੇ ਉਸ ’ਚ ਕੀੜੇ ਵੀ ਪੈ ਚੁੱਕੇ ਸਨ। ਮ੍ਰਿਤਕ ਦੀ ਪਛਾਣ ਵਿਜੇ ਵਾਸੀ ਇੰਦਰਾ ਕਲੋਨੀ, ਫਿਲੌਰ (ਜ਼ਿਲ੍ਹਾ ਜਲੰਧਰ) ਵਜੋਂ ਹੋਈ ਹੈ, ਜੋ ਬਲਦੇਵ ਨਗਰ ’ਚ ਵਿਆਹਿਆ ਹੋਇਆ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਕਾਲਾ ਰਾਮ ਤੇ ਪੰਚ ਰਾਮ ਮੂਰਤੀ ਨੇ ਇਸ ਨੂੰ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਕਰਾਰ ਦਿੱਤਾ ਹੈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਵਿਜੇ ਦਾ ਕਤਲ ਉਸ ਦੀ ਪਤਨੀ ਰੀਨਾ ਰਾਣੀ, ਸਹੁਰੇ ਕਾਲਾ ਰਾਮ ਤੇ ਸੱਸ ਸੁੱਖੋ ਵੱਲੋਂ ਮਿਲ ਕੇ ਕੀਤਾ ਗਿਆ ਹੈ। ਪਰਿਵਾਰ ਮੁਤਾਬਕ ਵਿਜੇ ਇਨ੍ਹਾਂ ਨਾਲ ਸਾਂਝਾ ਕੰਮ ਕਰਦਾ ਸੀ ਤੇ ਪੈਸਿਆਂ ਦੇ ਲੈਣ-ਦੇਣ ਦੇ ਵਿਵਾਦ ਕਾਰਨ ਹੀ ਇਨ੍ਹਾਂ ਤਿੰਨਾਂ ਨੇ ਸਾਜ਼ਿਸ਼ ਰਚ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਕਾਲਾ ਰਾਮ ਤੇ ਪੰਚ ਰਾਮ ਮੂਰਤੀ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਨੂੰ ਫੋਨ ਕਰਕੇ ਕੱਪੜਿਆਂ ਤੇ ਹੁਲੀਏ ਦੇ ਆਧਾਰ ’ਤੇ ਲਾਸ਼ ਮਿਲਣ ਦੀ ਇਤਲਾਹ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਸਹੁਰੇ ਪਰਿਵਾਰ ਦੇ ਘਰਾਂ ਦੇ ਨੇੜਿਓਂ ਹੀ ਬਰਾਮਦ ਹੋਈ, ਪਰ ਇਸ ਦੇ ਬਾਵਜੂਦ ਸਥਾਨਕ ਪੰਚਾਇਤ ਨੇ ਵੀ ਲਾਸ਼ ਨੂੰ ਪਛਾਣਨ ਤੇ ਉਸ ਨੂੰ ਆਪਣੇ ਪਿੰਡ ਦਾ ਜਵਾਈ ਮੰਨਣ ਤੋਂ ਇਨਕਾਰ ਕਰ ਦਿੱਤਾ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇ। ਉਧਰ ਜਦੋਂ ਇਸ ਸਬੰਧੀ ਸ਼ਹਿਰੀ ਥਾਣੇ ’ਚ ਮੁਨਸ਼ੀ ਰਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈਣ ਉਪਰੰਤ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਤੇ ਬੀਐਨਐਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ ਜਦਕਿ ਹੋਰ ਜਾਂਚ ਚੱਲ ਰਹੀ ਹੈ।