ਰਿਵਰ ਫੈਸਟੀਵਲ ਦੌਰਾਨ ਬੋਟਿੰਗ ਅਤੇ ਰੋਇੰਗ ਮੁਕਾਬਲੇ ਹੋਣਗੇ ਵਿਸ਼ੇਸ਼ ਖਿੱਚ ਰਿਵਰ ਫੈਸਟੀਵਲ ਦੌਰਾਨ ਬੋਟਿੰਗ ਅਤੇ ਰੋਇੰਗ ਮੁਕਾਬਲੇ ਹੋਣਗੇ ਵਿਸ਼ੇਸ਼ ਖਿੱਚ
Publish Date: Thu, 19 Nov 2026 04:06 PM (IST)
Updated Date: Thu, 19 Nov 2026 04:06 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ ਨੇ ਦੱਸਿਆ ਕਿ ‘ਪੰਜਾਬ ਸਖੀ ਸ਼ਕਤੀ ਮੇਲਾ ਅਤੇ ਰਿਵਰ ਫੈਸਟੀਵਲ ‘ਚ ਮਹਿਲਾ ਸਸ਼ਕਤੀਕਰਨ, ਪੇਂਡੂ ਉੱਦਮਤਾ, ਸਥਾਨਕ ਉਤਪਾਦਾਂ ਦੇ ਮੰਡੀਕਰਨ ਸਮੇਤ ਸੱਭਿਆਚਾਰਕ ਪੇਸ਼ਕਾਰੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਖੀ ਸ਼ਕਤੀ ਮੇਲੇ ਦੌਰਾਨ ਵੱਖ-ਵੱਖ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਗਏ ਹੱਥੀਂ ਬਣੇ ਉਤਪਾਦਾਂ, ਦਸਤਕਾਰੀ, ਰਵਾਇਤੀ ਵਸਤਾਂ, ਘਰੇਲੂ ਉਤਪਾਦਾਂ ਅਤੇ ਖਾਣ-ਪੀਣ ਦੀਆਂ ਵਸਤਾਂ ਦੇ ਵਿਸ਼ੇਸ਼ ਸਟਾਲ ਲਗਾਏ ਜਾਣਗੇ। ਇਸ ਰਾਹੀਂ ਪੇਂਡੂ ਮਹਿਲਾਵਾਂ ਨੂੰ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਦੇ ਨਾਲ-ਨਾਲ ਨਵੇਂ ਗਾਹਕਾਂ ਅਤੇ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ (ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ) ਖੇਤਰ ਨਾਲ ਸਬੰਧਤ ਉੱਦਮੀਆਂ ਅਤੇ ਛੋਟੇ ਕਾਰੋਬਾਰੀਆਂ ਦੇ ਉਤਪਾਦਾਂ ਨੂੰ ਵੀ ਵਿਸ਼ੇਸ਼ ਤੌਰ ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਪਹਿਲ ਸਥਾਨਕ ਉੱਦਮਾਂ ਨੂੰ ਉਤਸ਼ਾਹਿਤ ਕਰਨ ਅਤੇ ਸਵੈ-ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਵਿੱਚ ਸਹਾਈ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮਾਗਮ ਦਾ ਇੱਕ ਹੋਰ ਪ੍ਰਮੁੱਖ ਆਕਰਸ਼ਣ ਰਿਵਰ ਫੈਸਟੀਵਲ ਹੋਵੇਗਾ, ਜਿਸ ਤਹਿਤ ਜਲ-ਖੇਡਾਂ ਅਤੇ ਸਾਹਸੀ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਦੌਰਾਨ ਬੋਟਿੰਗ ਅਤੇ ਰੋਇੰਗ ਦੇ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਇਨ੍ਹਾਂ ਗਤੀਵਿਧੀਆਂ ਰਾਹੀਂ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੂੰ ਜਲ-ਖੇਡਾਂ ਨਾਲ ਜੁੜਨ ਅਤੇ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਰੂਪਨਗਰ ਦੀ ਕੁਦਰਤੀ ਸੁੰਦਰਤਾ ਅਤੇ ਦਰਿਆਈ ਵਿਰਾਸਤ ਨੂੰ ਉਭਾਰਨ ਦੇ ਨਾਲ-ਨਾਲ ਰਿਵਰ ਫੈਸਟੀਵਲ ਦਾ ਉਦੇਸ਼ ਇਲਾਕੇ ਵਿਚ ਸੈਰ-ਸਪਾਟੇ ਅਤੇ ਮਨੋਰੰਜਨ ਦੀਆਂ ਸੰਭਾਵਨਾਵਾਂ ਨੂੰ ਵੀ ਨਵੀਂ ਦਿਸ਼ਾ ਦੇਣਾ ਹੈ।