ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਪੁਲਿਸ ਨੇ ਨਾਬਾਲਿਗ ਕੀਤਾ ਕਾਬੂ ਅੰਨ੍ਹੇ ਕਤਲ ਦੀ ਗੁੱਥੀ ਸੁਲਝੀਪੁਲੀਸ ਨੇ ਨਾਬਾਲਿਗ ਨੂੰ ਕੀਤਾ ਕਾਬੂ
Publish Date: Tue, 30 Jun 2026 05:53 PM (IST)
Updated Date: Wed, 01 Jul 2026 04:05 AM (IST)
ਸ੍ਰੀ ਆਨੰਦਪੁਰ ਸਾਹਿਬ ਨੇੜੇ ਨਹਿਰ ਕਿਨਾਰੇ ਮਿਲੀ ਮ੍ਰਿਤਕ ਦੀ ਲਾਸ਼, ਸੀਸੀਟੀਵੀ, ਤਕਨੀਕੀ ਸਬੂਤਾਂ ਤੇ ਮੋਬਾਈਲ ਫੋਨ ਦੀ ਬਰਾਮਦਗੀ ਨਾਲ ਪੁਲੀਸ ਨੇ ਮਾਮਲਾ ਸੁਲਜਾਇਆ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ: ਪੁਲਿਸ ਨੇ ਸ੍ਰੀ ਆਨੰਦਪੁਰ ਸਾਹਿਬ ਨੇੜੇ ਹੋਏ ਇੱਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਇੱਕ ਨਾਬਾਲਿਗ ਨੂੰ ਜੁਵੇਨਾਈਲ ਜਸਟਿਸ ਐਕਟ ਤਹਿਤ ਫੜਿਆ ਹੈ। ਇਹ ਕਾਰਵਾਈ ਸੀਨੀਅਰ ਕਪਤਾਨ ਪੁਲਿਸ ਮਨਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਪ ਕਪਤਾਨ ਪੁਲੀਸ ਨਵੀਨਪਾਲ ਸਿੰਘ ਲਹਿਲ ਤੇ ਥਾਣਾ ਸ੍ਰੀ ਆਨੰਦਪੁਰ ਸਾਹਿਬ ਦੇ ਮੁੱਖੀ ਇੰਸਪੈਕਟਰ ਜਤਿਨ ਕਪੂਰ ਦੀ ਅਗਵਾਈ ਵਿੱਚ ਕੀਤੀ ਗਈ। ਪੁਲਿਸ ਅਨੁਸਾਰ 23 ਜੂਨ 2026 ਨੂੰ ਪਿੰਡ ਝਿੰਜੜੀ ਨੇੜੇ ਨਹਿਰ ਕਿਨਾਰੇ ਝਾੜੀਆਂ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ। ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੀ ਮੋਰਚਰੀ ਵਿੱਚ ਰੱਖਿਆ ਗਿਆ। ਬਾਅਦ ਵਿੱਚ ਮ੍ਰਿਤਕ ਦੀ ਪਛਾਣ ਪਿੰਡ ਸਹੋਟਾ ਦੇ ਰਹਿਣ ਵਾਲੇ ਬਲਜੀਤ ਸਿੰਘ ਵਜੋਂ ਹੋਈ, ਜਿਸ ਸਬੰਧੀ ਪਹਿਲਾਂ ਹੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਸੀ। ਫੋਰੈਂਸਿਕ ਜਾਂਚ ਤੇ ਮੁੱਢਲੀ ਤਫ਼ਤੀਸ਼ ਦੌਰਾਨ ਮੌਤ ਕੁਦਰਤੀ ਨਾ ਹੋਣ ਦੇ ਸੰਕੇਤ ਮਿਲਣ ਤੇ ਥਾਣਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਪੁਲੀਸ ਨੇ ਸੀਸੀਟੀਵੀ ਫੁਟੇਜ, ਤਕਨੀਕੀ ਸਬੂਤਾਂ ਤੇ ਖੁਫ਼ੀਆ ਜਾਣਕਾਰੀ ਦੇ ਆਧਾਰ ਤੇ ਜਾਂਚ ਨੂੰ ਅੱਗੇ ਵਧਾਇਆ। ਜਾਂਚ ਦੌਰਾਨ ਇਕ ਨਾਬਾਲਿਗ ਕੋਲੋਂ ਮ੍ਰਿਤਕ ਦਾ ਮੋਬਾਈਲ ਫੋਨ ਬਰਾਮਦ ਹੋਇਆ। ਪੁੱਛਗਿੱਛ ਵਿੱਚ ਉਸ ਨੇ ਦੱਸਿਆ ਕਿ ਇਹ ਫੋਨ ਉਸ ਨੂੰ ਉਸ ਦੇ ਇੱਕ ਸਾਥੀ ਨੇ ਦਿੱਤਾ ਸੀ, ਜਿਸ ਨੇ ਬਲਜੀਤ ਸਿੰਘ ਦੇ ਕਤਲ ਦੀ ਗੱਲ ਕਬੂਲਦਿਆਂ ਫੋਨ ਨਹਿਰ ਵਿੱਚ ਸੁੱਟਣ ਲਈ ਉਸਨੂੰ ਕਿਹਾ ਸੀ। ਇਸ ਜਾਣਕਾਰੀ ਦੇ ਆਧਾਰ ਤੇ ਪੁਲੀਸ ਨੇ ਮੁੱਖ ਨਾਬਾਲਿਗ ਖਿਲਾਫ 103 ਬੀ.ਐਨ.ਐਸ ਦੀ ਕਾਰਵਾਈ ਸ਼ੁਰੂ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਲਗਾਤਾਰ ਛਾਪੇਮਾਰੀ ਦੇ ਦਬਾਅ ਹੇਠ 28 ਜੂਨ ਨੂੰ ਨਾਬਾਲਿਗ ਦੇ ਪਿਤਾ ਨੇ ਉਸ ਨੂੰ ਪੁਲਿਸ ਅੱਗੇ ਪੇਸ਼ ਕਰ ਦਿੱਤਾ। ਪੁੱਛਗਿੱਛ ਦੌਰਾਨ ਉਸ ਨੇ ਕਤਲ ਕਰਨ ਦੀ ਗੱਲ ਮੰਨ ਲਈ। ਇਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਅੱਗੇ ਪੇਸ਼ ਕੀਤਾ, ਜਿੱਥੋਂ ਉਸ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਸਥਿਤ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ। ਪੁਲਿਸ ਮੁਤਾਬਕ ਨਾਬਾਲਿਗ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਬਲਜੀਤ ਸਿੰਘ ਉਸਨੂੰ ਗਲਤ ਢੰਗ ਨਾਲ ਸਰੀਰਕ ਟੱਚ ਕਰਦਾ ਸੀ ’ਤੇ ਜਿਸਦੇ ਚਲਦਿਆਂ ਉਹ ਬੇਹੱਦ ਪ੍ਰੇਸ਼ਾਨ ਸੀ। ਇਸੇ ਦੇ ਚਲਦਿਆਂ ਉਸ ਨੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ। ਕਤਲ ਤੋਂ ਬਾਅਦ ਉਸ ਨੇ ਵਾਰਦਾਤ ਵਿੱਚ ਵਰਤੀ ਕਿਰਚ ਤੇ ਮ੍ਰਿਤਕ ਦਾ ਮੋਟਰਸਾਈਕਲ ਨਹਿਰ ’ਚ ਸੁੱਟ ਦਿੱਤਾ ਸੀ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।