ਰਾਮਲੀਲਾ ਸੱਭਿਆਚਾਰਕ ਵਿਰਾਸਤ ਦਾ ਅਨਿੱਖੜਵਾਂ ਅੰਗ : ਇਸ਼ਪਾਲ ਚੌਧਰੀ ਨੂਰਪੁਰਬੇਦੀ ’ਚ ਰਾਮਲੀਲਾ ਦੀ ਨੌਵੀਂ ਨਾਈਟ ਦਾ ਭਾਜਪਾ ਆਗੂ ਇਸ਼ੂਪਾਲ ਚੌਧਰੀ ਨੇ ਕੀਤਾ ਉਦਘਾਟਨ
Publish Date: Mon, 19 Oct 2026 04:12 PM (IST)
Updated Date: Mon, 19 Oct 2026 04:15 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਥਾਨਕ ਸ਼ਿਵ ਮੰਦਰ ਵਿਖੇ ਰਾਮਲੀਲਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਨੌਵੀਂ ਨਾਈਟ ਦਾ ਉਦਘਾਟਨ ਭਾਜਪਾ ਆਗੂ ਇਸ਼ੂਪਾਲ ਚੌਧਰੀ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਮਲੀਲਾ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ, ਜੋ ਸਾਨੂੰ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ, ਮਰਿਆਦਾ, ਸੱਚਾਈ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਨ ਦਾ ਵਧੀਆ ਮੌਕਾ ਮਿਲਦਾ ਹੈ। ਇਸ਼ੂਪਾਲ ਚੌਧਰੀ ਨੇ ਕਿਹਾ ਕਿ ਰਾਮਲੀਲਾ ਦੇ ਮੰਚਨ ਰਾਹੀਂ ਲੋਕਾਂ ਨੂੰ ਸੱਚਾਈ ਦੀ ਜਿੱਤ, ਬੁਰਾਈ ’ਤੇ ਚੰਗਿਆਈ ਦੀ ਜਿੱਤ ਅਤੇ ਆਪਸੀ ਪਿਆਰ ’ਤੇ ਭਾਈਚਾਰੇ ਦਾ ਸੰਦੇਸ਼ ਮਿਲਦਾ ਹੈ। ਉਨ੍ਹਾਂ ਰਾਮਲੀਲਾ ਕਮੇਟੀ ਵੱਲੋਂ ਧਾਰਮਿਕ ਪਰੰਪਰਾਵਾਂ ਨੂੰ ਕਾਇਮ ਰੱਖਣ ਅਤੇ ਨਵੀਂ ਪੀੜ੍ਹੀ ਤੱਕ ਇਨ੍ਹਾਂ ਨੂੰ ਪਹੁੰਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ’ਚ ਚੰਗੇ ਸੰਸਕਾਰਾਂ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਲੋਕਾਂ ’ਚ ਆਪਸੀ ਸਾਂਝ ਅਤੇ ਸਦਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਰਾਮਲੀਲਾ ਦੀ ਨੌਵੀਂ ਨਾਈਟ ਦੌਰਾਨ ਕਲਾਕਾਰਾਂ ਵੱਲੋਂ ਰਾਮਾਇਣ ਦੇ ਅਹਿਮ ਪ੍ਰਸੰਗਾਂ ਦਾ ਮੰਚਨ ਕੀਤਾ ਗਿਆ। ਇਸ ਦੌਰਾਨ ਬਾਲੀ ਵਧ ਦੇ ਦ੍ਰਿਸ਼ ਰਾਹੀਂ ਧਰਮ ਅਤੇ ਨਿਆਂ ਦੇ ਸੰਦੇਸ਼ ਨੂੰ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਸਮੁੰਦਰੀ ਕਿਨਾਰੇ ਪਹੁੰਚਣ ਅਤੇ ਹਨੂੰਮਾਨ ਜੀ ਦੀ ਲੰਕਾ ਰਵਾਨਗੀ ਦੇ ਪ੍ਰਸੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ। ਕਲਾਕਾਰਾਂ ਨੇ ਆਪਣੇ ਸ਼ਾਨਦਾਰ ਅਭਿਨੈ ਅਤੇ ਸੰਵਾਦਾਂ ਰਾਹੀਂ ਰਾਮਾਇਣ ਦੀ ਕਥਾ ਨੂੰ ਜੀਵੰਤ ਕੀਤਾ, ਜਿਸ ਨੂੰ ਦੇਖ ਕੇ ਦਰਸ਼ਕ ਭਾਵੁਕ ਅਤੇ ਪ੍ਰਭਾਵਿਤ ਹੋਏ। ਪੂਰੇ ਸਮਾਗਮ ਦੌਰਾਨ ਦਰਸ਼ਕਾਂ ਨੇ ਕਲਾਕਾਰਾਂ ਦੀ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ। ਨੌਵੀਂ ਨਾਈਟ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ। ਇਸ ਮੌਕੇ ਰਾਜੇਸ਼ ਸ਼ਰਮਾ ਨੇ ਸ੍ਰੀ ਰਾਮ, ਡਾਕਟਰ ਉਕਾਂਰੇਸ਼ਵਰ ਸ਼ਰਮਾ ਨੇ ਲਕਸ਼ਮਣ, ਸੰਜੀਵ ਭੰਡਾਰੀ ਨੇ ਸੁਖਬੀਰ, ਸੂਰਜ ਸ਼ਰਮਾ ਨੇ ਬਾਲੀ, ਦਿਨੇਸ਼ ਕੁਮਾਰ ਜੋਲੀ ਨੇ ਤਾਰਾ, ਸ਼ਿਵ ਕੁਮਾਰ ਕੁੰਦਰਾ ਨੇ ਹਨੂੰਮਾਨ, ਧਰੁੱਵ ਹੱਲਣ ਨੇ ਜਾਮਵੰਤ ਅਤੇ ਸਮਰ ਵਸਿਸ਼ਟ ਨੇ ਅੰਗਦ ਦੀ ਭੂਮਿਕਾ ਅਦਾ ਕੀਤੀ। ਕਲਾਕਾਰਾਂ ਨੇ ਆਪਣੇ ਅਭਿਨੈ ਰਾਹੀਂ ਪਾਤਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਇਸ ਉਪਰੰਤ ਰਾਮਲੀਲਾ ਕਮੇਟੀ ਵੱਲੋਂ ਮੁੱਖ ਮਹਿਮਾਨ ਇਸ਼ੂਪਾਲ ਚੌਧਰੀ ਅਤੇ ਹੋਰ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ, ਕੁਲਭੂਸ਼ਣ ਚੰਦਰ ਸ਼ਾਰਧਾ, ਰਾਜੀਵ ਕੁਮਾਰ ਮੋਨੂ ਬਜਰੂੜ, ਪੰਚ ਸੁਰਿੰਦਰ ਪਾਲ, ਸੁਰਿੰਦਰ ਹੱਲਣ, ਦਿਨੇਸ਼ ਹੱਲਣ, ਸੋਨੂ ਦੀਵਾਨ, ਬੀਰੂ ਸ਼ਰਮਾ, ਸੂਰਜ ਸ਼ਰਮਾ, ਪਿੰਟੂ ਕਪੂਰ ਸਮੇਤ ਕਮੇਟੀ ਦੇ ਹੋਰ ਮੈਂਬਰ ਅਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।