ਕਲਿਆਣਪੁਰ ’ਚ ਸ਼ਰਧਾ ਨਾਲ ਮਨਾਈ ਗਈ ਭਗਵਾਨ ਵਾਲਮੀਕਿ ਜਯੰਤੀ ਕਲਿਆਣਪੁਰ ਵਿੱਚ ਸ਼ਰਧਾ ਭਾਵਨਾ ਨਾਲ ਮਨਾਈ ਗਈ ਭਗਵਾਨ ਵਾਲਮੀਕਿ ਜਯੰਤੀ
Publish Date: Tue, 27 Oct 2026 04:59 PM (IST)
Updated Date: Tue, 27 Oct 2026 05:01 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ 8 ਕਲਿਆਣਪੁਰ ਵਿਖੇ ਭਗਵਾਨ ਵਾਲਮੀਕਿ ਸਭਾ ਕਲਿਆਣਪੁਰ ਵੱਲੋਂ ਭਗਵਾਨ ਵਾਲਮੀਕਿ ਜੀ ਦੀ ਜਯੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ’ਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰਕੇ ਭਗਵਾਨ ਵਾਲਮੀਕਿ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮੁੱਚੇ ਸਮਾਗਮ ਦੌਰਾਨ ਧਾਰਮਿਕ ਮਾਹੌਲ ਬਣਿਆ ਰਿਹਾ ਅਤੇ ਸੰਗਤਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰੋਗਰਾਮ ਦਾ ਆਗਾਜ਼ ਸਵੇਰੇ ਪਿਛਲੇ ਦਿਨਾਂ ਤੋਂ ਰੱਖੇ ਗਏ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਹੋਇਆ। ਇਸ ਮੌਕੇ ਚੜ੍ਹਾਵਾ ਚੜ੍ਹਾਉਣ ਦੀ ਰਸਮ ਵੀ ਅਦਾ ਕੀਤੀ ਗਈ। ਇਸ ਤੋਂ ਬਾਅਦ ਬਾਬਾ ਜੀ ਦੇ ਦਰਬਾਰ ’ਚ ਸੰਗਤਾਂ ਦੀ ਆਮਦ ਨਾਲ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਇਸ ਦੌਰਾਨ ਕੀਰਤਨ ਮੈਲਾ ਮੰਡਲ ਵੱਲੋਂ ਕੀਰਤਨ ਕੀਤਾ ਗਿਆ। ਧਾਰਮਿਕ ਰਸਮਾਂ ਉਪਰੰਤ ਭੰਡਾਰੇ ਦੀ ਸ਼ੁਰੂਆਤ ਕੀਤੀ ਗਈ, ਜਿਸ ’ਚ ਸੰਗਤਾਂ ਨੇ ਸ਼ਰਧਾ ਨਾਲ ਪ੍ਰਸ਼ਾਦ ਛਕਿਆ। ਦੇਰ ਸ਼ਾਮ ਤੱਕ ਸੰਗਤਾਂ ਭੰਡਾਰੇ ਦਾ ਪ੍ਰਸ਼ਾਦ ਛਕਦੀਆਂ ਰਹੀਆਂ। ਜਾਗਰਣ ਦੌਰਾਨ ਸ਼ਰਧਾਲੂਆਂ ਨੂੰ ਕੀਤਾ ਮੰਤਰਮੁਗਧ ਸ਼ਾਮ ਵੇਲੇ ਬਾਬਾ ਜੀ ਦੇ ਜਾਗਰਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਭਗਵਾਨ ਵਾਲਮੀਕਿ ਜੀ ਦੀ ਸੁੰਦਰ ਪ੍ਰਤਿਮਾ ਅੱਗੇ ਜੋਤ ਪ੍ਰਚੰਡ ਕੀਤੀ ਗਈ। ਜਾਗਰਣ ਦੌਰਾਨ ਸਰਵਨ ਫਰਜ਼ੀ, ਸਰਬਜੀਤ ਮੱਟੂ ਅਤੇ ਅਨੁਰਾਗ ਘੱਗਾ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੁੰਦਰ ਭਜਨ ਪੇਸ਼ ਕੀਤੇ। ਉਨ੍ਹਾਂ ਦੇ ਭਜਨਾਂ ਨੂੰ ਸੁਣ ਕੇ ਸ਼ਰਧਾਲੂ ਭਗਤੀ ਦੇ ਰੰਗ ’ਚ ਰੰਗੇ ਨਜ਼ਰ ਆਏ ਅਤੇ ਸੰਗਤਾਂ ਨੇ ਭਜਨਾਂ ਦਾ ਖੂਬ ਆਨੰਦ ਮਾਣਿਆ। ਸਮਾਗਮ ਦੌਰਾਨ ਪੰਡਿਤ ਅਸ਼ੋਕ ਕੁਮਾਰ ਸ਼ਾਰਦਾ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਇਸ ਦੌਰਾਨ ਸ਼ਰਧਾਲੂਆਂ ਲਈ ਟਿੱਕੀਆਂ, ਨੂਡਲਜ਼ ਅਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ। ਵਿਜੇ ਗਿੱਲ ਨੰਗਲ ਵੱਲੋਂ ਕੇਕ ਦੀ ਸੇਵਾ ਨਿਭਾਈ ਗਈ ਅਤੇ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਗਈ। ਦੇਰ ਰਾਤ ਤੱਕ ਬੰਬ-ਪਟਾਕਿਆਂ ਨਾਲ ਜਯੰਤੀ ਦਾ ਉਤਸਵ ਮਨਾਇਆ ਗਿਆ। ਇਸ ਤਰ੍ਹਾਂ ਭਗਵਾਨ ਵਾਲਮੀਕਿ ਜਯੰਤੀ ਦਾ ਸਮਾਗਮ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਇਨ੍ਹਾਂ ਸ਼ਖ਼ਸੀਅਤਾਂ ਦਾ ਕੀਤਾ ਵਿਸ਼ੇਸ਼ ਸਨਮਾਨ ਇਸ ਮੌਕੇ ਸਮਾਗਮ ’ਚ ਪਹੁੰਚੇ ਬਾਬਾ ਬੁੱਧਗਿਰੀ, ਕੌਂਸਲਰ ਰਜਨੀਸ਼ ਜੋਸ਼ੀ, ਕੁਲਵਿੰਦਰ ਬਿੰਦੂ, ਪੰਡਿਤ ਅਸ਼ੋਕ ਕੁਮਾਰ, ਸ਼ਾਰਦਾ, ਹਰਸ਼ਿਤ ਜੋਸ਼ੀ, ਰਮੇਸ਼ ਲਾਲ, ਪੰਡਿਤ ਨਰੇਸ਼ ਆਚਾਰੀਆ ਅਤੇ ਬ੍ਰਿਜ ਲਾਲ ਨੱਡਾ ਆਦਿ ਦਾ ਸਭਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਦਲਜੀਤ ਸਿੰਘ ਕਾਕਾ, ਹਰਵਿੰਦਰ ਸਿੰਘ, ਬਲਬੀਰ ਬੱਬੀ, ਸੋਹਣ ਸਿੰਘ, ਚਿਰੰਜੀ ਲਾਲ, ਸ਼ੰਮੀ ਕੁਮਾਰ, ਲਖਵਿੰਦਰ ਸਿੰਘ ਸੁੱਖਾ, ਰਾਜੂ ਕੁਮਾਰ, ਭੁਪਿੰਦਰ ਸਿੰਘ ਭਿੰਦਾ, ਟਿੰਕੂ ਗੋਇਲ, ਮਨੀ ਗੋਇਲ, ਡਾਕਟਰ ਅਮਿਤ ਕੁਮਾਰ, ਸੁਖਵਿੰਦਰ ਸੁੱਖੀ, ਅਜੇ ਕੁਮਾਰ, ਰਾਜ ਮੇਹਰਾ, ਹੈਰੀ ਕੁਮਾਰ ਤੋਂ ਇਲਾਵਾ ਸਭਾ ਦੇ ਸਮੂਹ ਕਮੇਟੀ ਮੈਂਬਰ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ।