ਵਿਦਿਆਰਥੀਆਂ ਨੇ ਸ਼ੈੱਫ ਪੋਲਕਾ ਤੋਂ ਸਿੱਖੀਆਂ ਪੇਸ਼ੇਵਰ ਬੇਕਰੀ ਤਕਨੀਕਾਂ ਆਈਈਟੀ ਭੱਦਲ ਵਿਖੇ ਵਿਦਿਆਰਥੀਆਂ ਨੇ ਮਾਹਿਰ ਸ਼ੈੱਫ ਪੋਲਕਾ ਤੋਂ ਸਿੱਖੀਆਂ ਪੇਸ਼ੇਵਰ ਬੇਕਰੀ ਤਕਨੀਕਾਂ
Publish Date: Tue, 13 Oct 2026 04:31 PM (IST)
Updated Date: Tue, 13 Oct 2026 04:33 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਆਈਈਟੀ ਭੱਦਲ ਟੈਕਨੀਕਲ ਕੈਂਪਸ ਰੂਪਨਗਰ ਦੇ ਜੀਸੀਐੱਸ ਇੰਸਟੀਚਿਊਟ ਆਫ਼ ਵੋਕੇਸ਼ਨਲ ਸਟੱਡੀਜ਼ ਕਾਲਜ ਅਧੀਨ ਚੱਲ ਰਹੇ ਬੈਚਲਰ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ (ਬੀਐੱਚਐੱਮਸੀਟੀ.) ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਬੇਕਰੀ ਦੇ ਖੇਤਰ ’ਚ ਵਿਹਾਰਕ ਗਿਆਨ ਅਤੇ ਪੇਸ਼ੇਵਰ ਹੁਨਰ ਪ੍ਰਦਾਨ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਬੇਕਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ’ਚ ਵਿਦਿਆਰਥੀਆਂ ਨੂੰ ਬੇਕਰੀ ਉਤਪਾਦਾਂ ਦੀ ਤਿਆਰੀ, ਉਨ੍ਹਾਂ ਨੂੰ ਤਿਆਰ ਕਰਨ ਦੀਆਂ ਆਧੁਨਿਕ ਤਕਨੀਕਾਂ ਅਤੇ ਹੋਟਲ ਉਦਯੋਗ ’ਚ ਬੇਕਰੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਐਸ.ਐਸ. ਬਿੰਦਰਾ, ਡਾਇਰੈਕਟਰ ਕੈਂਪਸ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਭਾਰਤ ਦੇ ਹੋਸਪਿਟੈਲਿਟੀ ਖੇਤਰ ’ਚ ਬੇਕਰੀ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤਜਰਬਾ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਾਪਤ ਕਰਨ ਲਈ ਤਿਆਰ ਕਰਦੀਆਂ ਹਨ। ਇਸ ਵਰਕਸ਼ਾਪ ਦਾ ਮੁੱਖ ਆਕਰਸ਼ਣ ਬੇਕਰੀ ਦੇ ਖੇਤਰ ’ਚ ਲੰਮਾ ਤਜਰਬਾ ਰੱਖਣ ਵਾਲੇ ਮਾਹਿਰ ਸ਼ੈੱਫ ਵਿਨੋਦ ਕੁਮਾਰ ਸਿੱਧੂ, ਜਿਨ੍ਹਾਂ ਨੂੰ ਸ਼ੈੱਫ ਪੋਲਕਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੀ ਵਿਸ਼ੇਸ਼ ਸ਼ਮੂਲੀਅਤ ਰਹੀ। ਉਨ੍ਹਾਂ ਵਿਦਿਆਰਥੀਆਂ ਨੂੰ ਬੇਕਰੀ ਦੇ ਖੇਤਰ ਵਿੱਚ ਤਕਨੀਕੀ ਮੁਹਾਰਤ, ਰਚਨਾਤਮਕਤਾ, ਸਫ਼ਾਈ, ਗੁਣਵੱਤਾ ਅਤੇ ਪੇਸ਼ੇਵਰ ਅਨੁਸ਼ਾਸਨ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਬੇਕਰੀ ਉਤਪਾਦਾਂ ਦੀ ਸੁੰਦਰ ਸਜਾਵਟ, ਕੇਕ ਡੈਕੋਰੇਸ਼ਨ, ਨਵੇਂ ਸੁਆਦਾਂ ਦੀ ਤਿਆਰੀ ਅਤੇ ਸਿਹਤ ਪ੍ਰਤੀ ਜਾਗਰੂਕ ਖਪਤਕਾਰਾਂ ਲਈ ਨਵੇਂ ਉਤਪਾਦ ਵਿਕਸਿਤ ਕਰਨ ਵਰਗੇ ਪਹਿਲੂਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਰਾਹੀਂ ਵਿਦਿਆਰਥੀਆਂ ਨੂੰ ਆਟਾ ਗੁੰਨਣ, ਫਰਮੈਂਟੇਸ਼ਨ, ਪਰੂਫਿੰਗ, ਬੇਕਿੰਗ, ਤਾਪਮਾਨ ਨਿਯੰਤਰਣ, ਉਤਪਾਦਾਂ ਦੀ ਫਿਨਿਸ਼ਿੰਗ ਅਤੇ ਸਜਾਵਟ ਵਰਗੀਆਂ ਪ੍ਰਕਿਰਿਆਵਾਂ ਦੀ ਮਹੱਤਤਾ ਸਮਝਣ ਦਾ ਮੌਕਾ ਮਿਲਿਆ। ਨਾਲ ਹੀ, ਭੋਜਨ ਦੀ ਸਫ਼ਾਈ, ਸੁਰੱਖਿਆ ਅਤੇ ਗੁਣਵੱਤਾ ਦੇ ਮਾਪਦੰਡਾਂ ਬਾਰੇ ਉਨ੍ਹਾਂ ਦੀ ਸਮਝ ਨੂੰ ਹੋਰ ਮਜ਼ਬੂਤ ਕੀਤਾ ਗਿਆ। ਡਾ. ਕੰਚਨ ਸ਼ਰਮਾ, ਪ੍ਰਿੰਸੀਪਲ ਜੀਸੀਐਸਆਈਵੀਐੱਸ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਉਦਯੋਗ ਦੀਆਂ ਅਸਲ ਲੋੜਾਂ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਭਵਿੱਖ ’ਚ ਹੋਟਲਾਂ, ਬੇਕਰੀਆਂ, ਰੈਸਟੋਰੈਂਟਾਂ, ਕੈਫ਼ਿਆਂ ਅਤੇ ਕੇਟਰਿੰਗ ਸੰਸਥਾਵਾਂ ’ਚ ਕੰਮ ਕਰਨ ਲਈ ਤਿਆਰ ਕਰਨਾ ਸੀ। ਇਸ ਮੌਕੇ ਫੂਡ ਪ੍ਰੋਡਕਸ਼ਨ ਵਿਸ਼ੇ ਦੇ ਸਹਾਇਕ ਪ੍ਰੋਫੈਸਰ ਕੁਲਦੀਪ ਅਤੇ ਫਰੰਟ ਆਫਿਸ ਵਿਸ਼ੇ ਦੇ ਸਹਾਇਕ ਪ੍ਰੋਫੈਸਰ ਮੁਕੁਲ ਸ਼ਰਮਾ ਨੇ ਵਰਕਸ਼ਾਪ ਦੇ ਆਯੋਜਨ ਅਤੇ ਤਾਲਮੇਲ ’ਚ ਅਹਿਮ ਭੂਮਿਕਾ ਨਿਭਾਈ। ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨੇ ਇਸ ਵਰਕਸ਼ਾਪ ਨੂੰ ਗਿਆਨਵਰਧਕ ਅਤੇ ਵਿਹਾਰਕ ਸਿੱਖਿਆ ਨਾਲ ਭਰਪੂਰ ਬਣਾਇਆ।