ਸੁੰਦਰ ਲਿਖਾਈ ਵਿਦਿਆਰਥੀ ਦੀ ਸ਼ਖ਼ਸੀਅਤ ਦਾ ਦਰਪਣ ਸੁੰਦਰ ਲਿਖਾਈ ਵਿਦਿਆਰਥੀ ਦੀ ਸ਼ਖ਼ਸੀਅਤ ਦਾ ਦਰਪਣ
Publish Date: Thu, 12 Nov 2026 06:02 PM (IST)
Updated Date: Thu, 12 Nov 2026 06:03 PM (IST)
ਇੱਕ ਦਰਜਨ ਦੇ ਕਰੀਬ ਸਕੂਲਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸੁੰਦਰ ਲਿਖਾਈ ਕੇਵਲ ਅੱਖਰਾਂ ਦੀ ਸਜਾਵਟ ਨਹੀਂ ਹੁੰਦੀ, ਸਗੋਂ ਇਹ ਵਿਦਿਆਰਥੀ ਦੇ ਅਨੁਸ਼ਾਸਨ, ਇਕਾਗਰਤਾ ਤੇ ਸ਼ਖ਼ਸੀਅਤ ਦਾ ਵੀ ਪ੍ਰਤੀਬਿੰਬ ਹੁੰਦੀ ਹੈ। ਮਾਂ-ਬੋਲੀ ਪੰਜਾਬੀ ਦੇ ਅੱਖਰਾਂ ਨੂੰ ਸੁੰਦਰਤਾ ਤੇ ਸਪੱਸ਼ਟਤਾ ਨਾਲ ਕਾਗਜ਼ ਉੱਤੇ ਉਤਾਰਨ ਦੀ ਕਲਾ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਭਾਰਤ ਵਿਕਾਸ ਪਰਿਸ਼ਦ ਤਖਤਗੜ੍ਹ ਵੱਲੋਂ ਸਰਕਾਰੀ ਕੰਨਿਆ ਹਾਈ ਸਕੂਲ ਨੂਰਪੁਰਬੇਦੀ ਵਿਖੇ ਪੰਜਾਬੀ ਹੈਂਡ ਰਾਈਟਿੰਗ ਸੁਧਾਰ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਸਰਕਾਰੀ ਹਾਈ ਸਕੂਲ ਥਾਣਾ ਦੇ ਨੈਸ਼ਨਲ ਐਵਾਰਡੀ ਅਧਿਆਪਕ ਸੋਹਣ ਲਾਲ ਸੈਣੀਮਾਜਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਸੁੰਦਰ, ਸਪੱਸ਼ਟ ਤੇ ਪ੍ਰਭਾਵਸ਼ਾਲੀ ਲਿਖਾਈ ਦੇ ਅਜਿਹੇ ਨੁਕਤੇ ਸਾਂਝੇ ਕੀਤੇ, ਜਿਨ੍ਹਾਂ ਨੂੰ ਅਪਣਾ ਕੇ ਵਿਦਿਆਰਥੀ ਆਪਣੀ ਲਿਖਣ ਕਲਾ ’ਚ ਨਿਖਾਰ ਲਿਆ ਸਕਦੇ ਹਨ। ਵਰਕਸ਼ਾਪ ਦੌਰਾਨ ਉਨ੍ਹਾਂ ਨੇ ਅੱਖਰਾਂ ਦੀ ਸਹੀ ਬਣਤਰ, ਆਕਾਰ ਦੀ ਇਕਸਾਰਤਾ, ਸ਼ਬਦਾਂ ਵਿਚਕਾਰ ਉਚਿਤ ਵਿੱਥ, ਲਾਈਨਾਂ ਦੀ ਸਿੱਧਾਈ ਤੇ ਲਿਖਣ ਦੀ ਰਫ਼ਤਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੁੰਦਰ ਲਿਖਾਈ ਲਈ ਕਿਸੇ ਜਾਦੂਈ ਤਰੀਕੇ ਦੀ ਨਹੀਂ, ਸਗੋਂ ਨਿਰੰਤਰ ਅਭਿਆਸ, ਸਬਰ ਤੇ ਇਕਾਗਰਤਾ ਦੀ ਲੋੜ ਹੁੰਦੀ ਹੈ। ਰੋਜ਼ਾਨਾ ਕੁਝ ਸਮਾਂ ਲਿਖਣ ਲਈ ਨਿਰਧਾਰਤ ਕਰਕੇ ਤੇ ਜਲਦਬਾਜ਼ੀ ਤੋਂ ਬਚ ਕੇ ਵਿਦਿਆਰਥੀ ਆਪਣੀ ਲਿਖਾਈ ਨੂੰ ਆਕਰਸ਼ਕ ਬਣਾ ਸਕਦੇ ਹਨ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਲਿਖਾਈ ਦੀ ਸੁੰਦਰਤਾ ਦੇ ਨਾਲ-ਨਾਲ ਅੱਖਰਾਂ ਦੀ ਸਪੱਸ਼ਟਤਾ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਇਸ ਸਿੱਖਿਆਦਾਇਕ ਉਪਰਾਲੇ ’ਚ ਭਾਓਵਾਲ, ਸਸਕੌਰ, ਤਖਤਗੜ੍ਹ, ਥਾਣਾ, ਮਾਣਕੂ ਮਾਜਰਾ, ਨੂਰਪੁਰਬੇਦੀ, ਬਜਰੂੜ ਤੇ ਰਾਏਪੁਰ ਸਮੇਤ ਲਗਭਗ ਇੱਕ ਦਰਜਨ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸੰਸਥਾ ਦੀ ਪ੍ਰਧਾਨ ਸੀਮਾ ਸ਼ਰਮਾ, ਖਜ਼ਾਨਚੀ ਸੰਗੀਤਾ ਭੰਡਾਰੀ ਤੇ ਸਕੱਤਰ ਅਨਾਮਿਕਾ ਸ਼ਰਮਾ ਨੇ ਅਧਿਆਪਕ ਸੋਹਣ ਲਾਲ ਸੈਣੀਮਾਜਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ’ਚ ਵੀ ਅਹਿਮ ਯੋਗਦਾਨ ਪਾਉਂਦੇ ਹਨ। ਇਸ ਮੌਕੇ ਕੋਆਰਡੀਨੇਟਰ ਦਿਨੇਸ਼ ਕੌਸ਼ਿਕ, ਪ੍ਰਿੰਸੀਪਲ ਬਰਿੰਦਰ ਸ਼ਰਮਾ, ਪ੍ਰਿੰਸੀਪਲ ਅਨਿਲ ਕੁਮਾਰ, ਸੰਜੀਵ ਭਾਰਦਵਾਜ, ਅਵਿਨਾਸ਼ ਸ਼ਰਮਾ, ਸ਼ਸ਼ੀਕਾਂਤ ਚੰਦਨ, ਪ੍ਰਿੰਸੀਪਲ ਬਲਜਿੰਦਰ ਰੀਹਲ, ਸੰਜੀਵ ਭੰਡਾਰੀ ਤੇ ਰਾਕੇਸ਼ ਰਾਣੀ ਸਮੇਤ ਸੰਸਥਾ ਦੇ ਹੋਰ ਨੁਮਾਇੰਦੇ ਵੀ ਹਾਜ਼ਰ ਸਨ।