ਗੁਰਦਵਾਰਾ ਬਿਭੌਰ ਸਾਹਿਬ ’ਚ ਲੰਗਰ ਹਾਲ ਤੇ ਬੇਸਮੈਂਟ ਦੀ ਕਾਰ ਸੇਵਾ ਸ਼ੁਰੂ ਗੁਰਦਵਾਰਾ ਬਿਭੌਰ ਸਾਹਿਬ ’ਚ ਲੰਗਰ ਹਾਲ ’ਤੇ ਬੇਸਮੈਂਟ ਦੀ ਕਾਰ ਸੇਵਾ ਸ਼ੁਰੂ
Publish Date: Wed, 19 Aug 2026 04:56 PM (IST)
Updated Date: Wed, 19 Aug 2026 04:57 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਸੰਪ੍ਰਦਾਇ ਕਾਰ ਸੇਵਾ ਕਿਲ੍ਹਾਂ ਅਨੰਦਗੜ੍ਹ ਸਾਹਿਬ ਦੇ ਮੁਖੀ ਸੰਤ ਬਾਬਾ ਸਤਨਾਮ ਸਿੰਘ ਵਲੋਂ ਅਜ ਇਤਿਹਾਸਿਕ ਗੁਰਦਵਾਰਾ ਬਿਭੌਰ ਸਾਹਿਬ ਦੇ ਨਵੇਂ ਲੰਗਰ ਹਾਲ, ਬੇਸਮੈਂਟ ਦੀ ਕਾਰ ਸੇਵਾ ਦੀ ਅਰੰਭਤਾ , ਅਤੇ ਸੰਗਤਾਂ ਨੂੰ ਜੋੜਾਂ ਘਰ ’ਤੇ ਪ੍ਰਸ਼ਾਦਿ ਘਰ ਸਾਹਿਬ ਸ਼੍ਰ਼ੀ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਲੈ ਕੇ ਸ਼ੁਰੂ ਕਰ ਦਿੱਤੇ। ਅਜ ਸਵੇਰੇ ਗੁਰਦਵਾਰਾ ਬਿਭੌਰ ਸਾਹਿਬ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ , ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਭਾਈ ਅਮਰਜੀਤ ਸਿੰਘ ਚਾਵਲਾ, ਪੰਥਕ ਆਗੂ ਪਰਮਜੀਤ ਸਿੰਘ ਲੱਖੇਵਾਲ, ਅਮਰਜੀਤ ਸਿੰਘ ਖੇੜਾ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਡਾ. ਦਲਜੀਤ ਸਿੰਘ ਭਿੰਡਰ , ਸੰਤ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਗੁਰਚਰਨ ਸਿੰਘ ਬੇਈਹਾਰਾਂ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ, ਸਮੇਤ ਸੰਤ-ਮਹਾਂਪੁਰਖਾਂ ਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸਮੂਹ ਸ਼ਖ਼ਸੀਅਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ, ਏਕਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਉਪਰੰਤ ਐਡਵੋਕੇਟ ਧਾਮੀ ਅਤੇ ਗਿਆਨੀ ਗੜਗੱਜ ਵੱਲੋਂ ਟੱਕ ਲਗਾ ਕੇ ਬੇਸਮੈਂਟ, ਵਿਸ਼ਾਲ ਲੰਗਰ ਹਾਲ, ਕਮਰਿਆਂ ਅਤੇ ਰਸੋਈ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ ਗਈ। ਗਿਆਨੀ ਗੜਗੱਜ ਨੇ ਕਿਹਾ ਕਿ ਸੰਗਤ ਦੀ ਵਧ ਰਹੀ ਗਿਣਤੀ ਕਾਰਨ ਲੰਗਰ ਹਾਲ, ਪਾਰਕਿੰਗ ਅਤੇ ਹੋਰ ਸਹੂਲਤਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਜਿਸ ਨੂੰ ਨਵੀਂ ਉਸਾਰੀ ਨਾਲ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ, ਸੰਤ ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਸਾਹਿਬ ਸਮੇਤ ਸੰਤ-ਮਹਾਂਪੁਰਖਾਂ ਅਤੇ ਪੰਥਕ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸਰਬ ਦਿਆਲ ਸਿੰਘ, ਹੈੱਡ ਗ੍ਰੰਥੀ ਭਾਈ ਜੋਗਿੰਦਰ ਸਿੰਘ, ਐਡੀਸ਼ਨਲ ਮੈਨੇਜਰ ਹਰਦੇਵ ਸਿੰਘ, ਸੰਦੀਪ ਸਿੰਘ ਕਲੋਤਾ, ਠੇਕੇਦਾਰ ਰਜਿੰਦਰ ਸਿੰਘ, ਸੁਖਬੀਰ ਸਿੰਘ ਜਿੰਦਬੜੀ, ਕਰਨੈਲ ਸਿੰਘ ਭਾਊਵਾਲ, ਧਰਮਪਾਲ ਸਿੰਘ, ਬਲਵਿੰਦਰ ਸਿੰਘ, ਤਰਲੋਚਨ ਸਿੰਘ, ਸਤਨਾਮ ਸਿੰਘ ਪਰਹਾਰ, ਅਮਰੀਕ ਸਿੰਘ, ਸਤਪਾਲ ਸਿੰਘ, ਜਸਪ੍ਰੀਤ ਸਿੰਘ ਭਾਟੀਆ, ਜਸਵਿੰਦਰ ਸਿੰਘ, ਰਘਵੀਰ ਸਿੰਘ, ਬਲਜਿੰਦਰ ਸਿੰਘ ਡੂਮੇਵਾਲ ਅਤੇ ਰਾਕੇਸ਼ ਮਹਿਤਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਬਾਕਸ 11 ਕਰੋੜ ਦੀ ਆਵੇਗੀ ਲਾਗਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਇਤਿਹਾਸਿਕ ਸਥਾਨ ਦੇ ਸੰਗਤਾਂ ਦਾ ਆਉਣਾ ਜਾਣਾ ਬਹੁਤ ਹੈ ਅਤੇ ਇਥੇ ਹੋਲੇ ਮਹੱਲੇ , ਵਿਸਾਖੀ ਤੋਂ ਇਲਾਵਾਂ ਸਲਾਨਾ ਦੋ ਸਮਾਗਮ ਹੋਰ ਹੁੰਦੇ ਹਨ ਅਤੇ ਸੰਗਤਾਂ ਨੂੰ ਪਾਰਕਿੰਗ ਅਤੇ ਲੰਗਰ ਹਾਲ ਦੀ ਜਗ੍ਹਾਂ ਘੱਟ ਪੈਂਦੀ ਸੀ, ਜਿਸ ਦੇ ਮੱਦੇ ਨਜ਼ਰ ਇਨ੍ਹਾਂ ਨੂੰ ਨਵੇਂ ਬਣਾਉਣ ਦੀ ਤਜ਼ਵੀਜ਼ ਉਲੀਕੀ ਗਈ ਸੀ ਅਤੇ ਇਸਦੀ ਕਾਰ ਸੇਵਾ ਕਿਲ੍ਹਾਂ ਅਨੰਦਗੜ੍ਹ ਸੰਪ੍ਰਦਾਇ ਨੂੰ ਦਿੱਤੀ ਗਈ ਹੈ ਕਿਉਂਕਿ ਪਹਿਲਾ ਵੀ ਉਨ੍ਹਾਂ ਵਲੋਂ ਹੀ ਸੇਵਾ ਸੰਭਾਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਲੰਗਰ ਹਾਲ ਅਤੇ ਬੇਸਮੈਂਟ ਦੇ ਕੰਮ ਤੇ ਲਗ਼ਭਗ਼ 11 ਕਰੋੜ ਰੁਪਏ ਦਾ ਖ਼ਰਚਾ ਆਵੇਗਾ ਅਤੇ ਕਰੀਬ 30 ਹਜ਼ਾਰ ਵਰਗ ਫੁੱਟ ਵਿੱਚ ਬੇਸਮੈਂਟ, 11 ਹਜ਼ਾਰ ਵਰਗ ਫੁੱਟ ਵਿੱਚ ਲੰਗਰ ਹਾਲ ਤੇ ਕਮਰੇ ਅਤੇ 800 ਵਰਗ ਫੁੱਟ ਵਿੱਚ ਆਧੁਨਿਕ ਰਸੋਈ ਤਿਆਰ ਕੀਤੀ ਜਾਵੇਗੀ। ਉਨ੍ਹਾਂ ਸੰਗਤ ਨੂੰ ਕਾਰ ਸੇਵਾ ਵਿੱਚ ਤਨ, ਮਨ ਤੇ ਧਨ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ।