ਗੁਰਬਾਣੀ ਪ੍ਰਚਾਰਕਾਂ ਦੇ ਲਈ ਅੱਗੇ ਆਏ ਬਾਬਾ ਸੁਖਵੀਰ ਸਿੰਘ ਕੰਧੋਲਾ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਦੇ ਸਨਮਾਨ ਲਈ ਅੱਗੇ ਆਏ ਬਾਬਾ ਸੁਖਵੀਰ ਸਿੰਘ ਕੰਧੋਲਾ
Publish Date: Sat, 14 Nov 2026 06:34 PM (IST)
Updated Date: Sat, 14 Nov 2026 06:36 PM (IST)
ਇੰਟਰਨੈਸ਼ਨਲ ਢਾਡੀ ਜੱਥਾ ਬੀਬੀ ਮੁਖਤਿਆਰ ਕੌਰ ਰੌਣੀ ਦਾ ਗੱਡੀ ਨਾਲ ਸਨਮਾਨ ਰਾਜਵੀਰ ਚੌਤਾਂ , ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਇਲਾਕੇ ਦੀ ਧਾਰਮਿਕ ਸ਼ਖ਼ਸੀਅਤ ਤੇ ਕਾਫ਼ੀ ਲੰਬੇ ਅਰਸੇ ਤੋਂ ਸਮਾਜ ਸੇਵਾ ਨੂੰ ਸਮਰਪਿਤ ਸ਼ਖ਼ਸੀਅਤ ਸੰਤ ਬਾਬਾ ਸੁਖਵੀਰ ਸਿੰਘ ਕੰਧੋਲਾ ਵਾਲੇ ਅੱਜ ਕੱਲ੍ਹ ਗੁਰਬਾਣੀ ਤੇ ਬਾਣੇ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਢਾਡੀ ਜੋਧਿਆਂ ਤੇ ਪ੍ਰਚਾਰਕਾਂ ਦੇ ਸਨਮਾਨ ਲਈ ਇਕ ਮਹਾਨ ਸ਼ਖ਼ਸੀਅਤ ਵਜੋਂ ਉੱਭਰ ਕੇ ਸਾਹਮਣੇ ਆਏ ਹਨ। ਬਾਬਾ ਸੁਖਵੀਰ ਸਿੰਘ ਕੰਧੋਲਾ ਸ੍ਰੀ ਗੁਰੂ ਹਰਿਰਾਏ ਸਾਹਿਬ ਦੇਸੀ ਦਵਾਖਾਨਾ ਕੰਧੋਲਾ ਦੇ ਮੈਨੇਜਿੰਗ ਡਾਇਰੈਕਟਰ ਵੀ ਹਨ, ਵੱਲੋਂ ਇੱਕ ਨਵੀਂ ਪਿਰਤ ਪਾਉਂਦਿਆਂ ਗੁਰਬਾਣੀ ਤੇ ਬਾਣੇ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਢਾਡੀ, ਰਾਗੀ ਤੇ ਪ੍ਰਚਾਰਕਾਂ ਦਾ ਸਨਮਾਨ ਕਰਨ ਦਾ ਸੰਨ 2026 ਤੋਂ ਬੀੜਾ ਚੁੱਕਿਆ ਹੋਇਆ ਹੈ। ਸੰਤ ਬਾਬਾ ਸੁਖਵੀਰ ਸਿੰਘ ਕੰਧੋਲਾ ਵਾਲਿਆਂ ਪਹਿਲਾਂ ਵੀ ਕਈ ਪ੍ਰਚਾਰਕਾਂ ਦਾ ਸਨਮਾਨ ਕਰ ਚੁੱਕੇ ਹਨ। ਇਸ ਲੜੀ ਨੂੰ ਅੱਗੇ ਤੋਰਦੇ ਹੋਏ ਸੰਤ ਬਾਬਾ ਸੁਖਵੀਰ ਸਿੰਘ ਕੰਧੋਲਾ ਵਾਲਿਆਂ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਢਾਡੀ ਬੀਬੀ ਮੁਖਤਿਆਰ ਕੌਰ ਖਾਲਸਾ ਰੌਣੀ (ਮੋਰਿੰਡਾ) ਵਾਲਿਆਂ ਦੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜੱਥੇ ਦਾ ਹੰਡੁਈ ਦੀ ਔਰਾ ਗੱਡੀ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਸੁਖਵੀਰ ਸਿੰਘ ਕੰਧੋਲਾ ਵਾਲਿਆਂ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਡੇ ਪ੍ਰਚਾਰਕਾਂ ਨੂੰ ਬਹੁਤ ਹੀ ਦੂਰ ਦੁਰਾਡੇ ਪ੍ਰਚਾਰ ਕਰਨ ਲਈ ਜਾਣਾ ਪੈਂਦਾ ਹੈ। ਇਸ ਲਈ ਸਾਡੇ ਪ੍ਰਚਾਰਕ ਆਵਾਜਾਈ ਦੇ ਨਵੇਂ ਸਾਧਨਾ ਦੀ ਘਾਟ ਹੋਣ ਕਾਰਨ ਕਈ ਵਾਰ ਦੂਰ-ਦੁਰਾਡੇ ਇਲਾਕਿਆਂ ’ਚ ਪ੍ਰਚਾਰ ਤੇ ਪ੍ਰਸਾਰ ਕਰਨ ਤੋਂ ਰਹਿ ਜਾਂਦੇ ਹਨ। ਇਨਾਂ ਦੀ ਲੋੜ ਨੂੰ ਦੇਖਦੇ ਹੋਏ ਅਸੀਂ ਇਹ ਉਪਰਾਲਾ ਕੀਤਾ ਹੈ ਕਿ ਜਿਹੜੇ ਸਾਡੇ ਪ੍ਰਚਾਰਕ ਆਵਾਜਾਈ ਦੇ ਨਵੇਂ ਸਾਧਨਾਂ ਤੋਂ ਵਿਹੂਣੇ ਹਨ ਉਨਾਂ ਲਈ ਗੁਰੂ ਸਾਹਿਬ ਦੀ ਕਿਰਪਾ ਰਹਿਮਤ, ਚਮਕੌਰ ਦੀ ਗੜ੍ਹੀ ਦੇ ਸਿੱਖ ਸ਼ਹੀਦਾਂ ਦੇ ਅਸ਼ੀਰਵਾਦ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਦ੍ਰਿਸ਼ਟੀ ਸਦਕਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਜਿੱਥੇ ਤੱਕ ਹੋ ਸਕੇਗਾ। ਉਨਾਂ ਨੂੰ ਨਵੇਂ ਸਾਧਨਾਂ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਜਾਵੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਸੰਗਤ ਤੇ ਪ੍ਰਚਾਰਕਾਂ ਦੇ ਨਾਲ ਸਾਂਝਾ ਕਰਦਿਆਂ ਉਨਾਂ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਸੰਤ ਬਾਬਾ ਸੁਖਵੀਰ ਸਿੰਘ ਕੰਧੋਲਾ ਵਾਲਿਆਂ ਨੇ ਇੱਕ ਸ਼ਾਨਦਾਰ ਤੇ ਨਵੀਂ ਪਿਰਤ ਪਾ ਕੇ ਵੱਡੇ ਪ੍ਰਚਾਰਕਾਂ ਲਈ ਆਰਥਿਕ ਤੰਗੀ ਨਾਲ ਜੂਝ ਰਹੇ ਪ੍ਰਚਾਰਕਾਂ ਦੀ ਮਦਦ ਕਰਨ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਇਲਾਕੇ ਦੇ ਪੰਚ ਸਰਪੰਚ ਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਕਹਿਣਾ ਹੈ ਕਿ ਸੰਤ ਬਾਬਾ ਸੁਖਵੀਰ ਸਿੰਘ ਦਾ ਕੀਤਾ ਹੋਇਆ ਇਹ ਉਪਰਾਲਾ ਇੱਕ ਨਵੀਂ ਮਿਸਾਲ ਕਾਇਮ ਕਰਦਿਆਂ ਸਾਡੀਆਂ ਸਿੱਖੀ ਦੀਆਂ ਸਿਰਮੌਰ ਸੰਸਥਾਵਾਂ ਲਈ ਇੱਕ ਮਾਰਗ ਦਰਸ਼ਕ ਦਾ ਕੰਮ ਕਰੇਗਾ। ਇਸ ਮੌਕੇ ਬਾਬਾ ਦੇ ਪਰਿਵਾਰਕ ਮੈਂਬਰਾਂ ਮਾਤਾ ਗੁਰਦੀਪ ਕੌਰ ਕੰਧੋਲਾ, ਬਾਬਾ ਦੇ ਸੁਪੁੱਤਰ ਕਿਰਪਾਲ ਸਿੰਘ ਰਾਜਾ , ਹਰਸਿਮਰਨਜੀਤ ਸਿੰਘ ਜਬਰਸੰਗ ਉਰਫ਼ ਕਰੋੜੀ ਮੱਲ, ਸਰਪੰਚ ਸੁਰਿੰਦਰ ਸਿੰਘ ਕੰਧੋਲਾ, ਸਾਬਕਾ ਸਰਪੰਚ ਹਰਬੰਸ ਸਿੰਘ ਕੰਧੋਲਾ, ਰਘਬੀਰ ਸਿੰਘ ਰਾਣਾ, ਮਾਤਾ ਤਜਿੰਦਰ ਕੌਰ ਗੁਰਨਾਮ ਸਿੰਘ ਕੰਧੋਲਾ, ਪਿਆਰਾ ਸਿੰਘ, ਗੁਰਦੀਪ ਸਿੰਘ ਕਟਾਣੀ ਕਲਾਂ, ਡਾ. ਸਰਬਜੀਤ ਸਿੰਘ, ਡਾ. ਹਰਪ੍ਰੀਤ ਕੌਰ, ਬੀਬੀ ਬਲਵਿੰਦਰ ਕੌਰ, ਮੈਨੇਜਰ ਹਰਦੀਪ ਸਿੰਘ ਦੀਪਾ, ਭਾਈ ਜਸਵਿੰਦਰ ਸਿੰਘ ਜੱਸ, ਦਵਾਖਾਨਾ ਦੇ ਇੰਚਾਰਜ ਹਰਜਿੰਦਰ ਸਿੰਘ ਸੋਨਾ, ਹਰਮਨਜੀਤ ਸਿੰਘ ਭੰਗੂ, ਕਿਰਪਾਲ ਸਿੰਘ ਪਾਲਾ, ਸਤਿਨਾਮ ਸਿੰਘ, ਹੈਡ ਗ੍ਰੰਥੀ ਗਿਆਨੀ ਹਰਪ੍ਰੀਤ ਸਿੰਘ, ਬਲਜੀਤ ਸਿੰਘ, ਜੋਗਾ ਸਿੰਘ, ਚਰਨ ਸਿੰਘ ਸਲਦੀ , ਰਾਹੁਲ ਸਹੋਤਾ, ਕੰਧੋਲਾ ਟੀਵੀ ਤੋਂ ਲਵੀ ਗੌਤਮ ਤੇ ਅਭਿਸ਼ੇਕ ਤੋਂ ਇਲਾਵਾ ਇਲਾਕੇ ਦੇ ਪੰਚ, ਸਰਪੰਚ ਤੇ ਪ੍ਰਮੁੱਖ ਸ਼ਖ਼ਸੀਅਤਾਂ ਵੱਡੀ ਗਿਣਤੀ ’ਚ ਮੌਜੂਦ ਸਨ।