ਆਜ਼ਾਦ ਟੈਕਸੀ ਯੂਨੀਅਨ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਸੰਗਠਨਾ ਵੱਲੋਂ ਮੁੱਖ ਮਾਰਗ ਜਾਮ
ਆਜ਼ਾਦ ਟੈਕਸੀ ਯੂਨੀਅਨ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਸੰਗਠਨਾ ਵੱਲੋਂ ਮੁੱਖ ਮਾਰਗ ਜਾਮ
Publish Date: Sat, 04 Apr 2026 05:21 PM (IST)
Updated Date: Sat, 04 Apr 2026 05:25 PM (IST)

ਹਿਮਾਚਲ ਸਰਕਾਰ ਵੱਲੋਂ ਵਧਾਏ ਐਂਟਰੀ ਟੈਕਸਾਂ ਵਿਰੁੱਧ ਮੁੱਖ ਮਾਰਗ ਤੇ ਅਣਮਿੱਥੇ ਸਮੇਂ ਲਈ ਧਰਨਾ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ: ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਵਧਾਏ ਗਏ ਐਂਟਰੀ ਟੈਕਸ ਦੇ ਵਿਰੋਧ ਵਿੱਚ ਅੱਜ ਸ਼੍ਰੀ ਕੀਰਤਪੁਰ ਸਾਹਿਬ ਵਾਲੇ ਮੁੱਖ ਮਾਰਗ ਤੇ ਪਿੰਡ ਦੇਹਣੀ ਟੀ ਪੁਆਇੰਟ ਤੇ ਧਰਨਾ ਦਿੱਤਾ ਗਿਆ ਅਤੇ ਮੁੱਖ ਮਾਰਗ ਨੂੰ ਅਣਮਿਥੇ ਸਮੇਂ ਲਈ ਜਾਮ ਕਰ ਦਿੱਤਾ ਗਿਆ। ਇਸ ਧਰਨੇ ਵਿੱਚ ਆਜ਼ਾਦ ਟੈਕਸੀ ਯੂਨੀਅਨ, ਕਿਰਤੀ ਕਿਸਾਨ ਮੋਰਚਾ, ਕਿਸਾਨ ਮਜ਼ਦੂਰ ਯੂਨੀਅਨ ਸਮੇਤ ਸਮਾਜ ਸੇਵੀ ਸੰਗਠਨਾਂ ਨੇ ਸਵੇਰੇ 10 ਵਜੇ ਤੋਂ ਹੀ ਮੁੱਖ ਮਾਰਗ ਜਾਮ ਕਰ ਦਿੱਤਾ ਸੀ ਅਤੇ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਵਾਹਨਾਂ ਅਤੇ ਪੰਜਾਬ ਤੋਂ ਹਿਮਾਚਲ ਜਾਣ ਵਾਲੇ ਵਾਹਨਾਂ ਨੂੰ ਰੋਕਿਆ ਗਿਆ। ਇਸ ਧਰਨੇ ਵਿੱਚ ਪੰਜਾਬ ਤੋਂ ਵੱਖ ਵੱਖ ਟੈਕਸੀ ਯੂਨੀਅਨ, ਟਰੱਕ ਯੂਨੀਅਨ, ਟੈਂਕਰ ਯੂਨੀਅਨ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਦੇ ਟੈਕਸੀ ਯੂਨੀਅਨ ਅਤੇ ਟਰੱਕ ਯੂਨੀਅਨ ਬਰਮਾਨਾ ਦੇ ਮੈਂਬਰਾਂ ਨੇ ਵੀ ਧਰਨੇ ਦਾ ਸਮੱਰਥਨ ਕੀਤਾ। ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਹਿਮਾਚਲ ਪ੍ਰਦੇਸ਼ ਦੇ ਸੂਬਾ ਟੈਕਸੀ ਯੂਨੀਅਨ ਪ੍ਰਧਾਨ ਰਾਮ ਰਤਨ ਸ਼ਰਮਾ ਅਤੇ ਟਰੱਕ ਯੂਨੀਅਨ ਬਰਮਾਣਾ ਦੇ ਮੈਂਬਰ ਕਸ਼ਮੀਰ ਸਿੰਘ, ਰਾਕੇਸ਼ ਠਾਕੁਰ, ਕਮਲ ਕਿਸ਼ੋਰ ਵਲੋਂ ਵੀ ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਨੂੰ ਲੰਮੇ ਹੱਥੀ ਲਿਆ, ਧਰਨੇ ਨੂੰ ਸੰਬੋਧਨ ਕਰਦੇ ਹੋਏ ਰਾਮ ਰਤਨ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਅਫਸਰਾਂ ਦੀ ਸੁਣ ਕੇ ਅਲੱਗ ਅਲੱਗ ਟੈਕਸ ਹਿਮਾਚਲ ਪ੍ਰਦੇਸ਼ ਵਿੱਚ ਲਗਾ ਰਹੇ ਹਨ ਜਦੋਂ ਕਈ ਜਨਤਾ ਬੇਹਾਲ ਹੋ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਟੈਕਸੀਆਂ ਤੇ ਗਰੀਨ ਟੈਕਸ, ਟੈਕਸੀ ਪਰਮਿਟ, ਅਤੇ ਹੋਰ ਵੱਡੇ ਟੈਕਸ ਲਗਾਏ ਜਾ ਰਹੇ ਹਨ ਤਾਂ ਐਂਟਰੀ ਟੈਕਸ ਦਾ ਮਤਲਬ ਹੀ ਨਹੀਂ ਬਣਦਾ। ਧਰਨੇ ਦੀ ਅਗਵਾਈ ਕਰਦੇ ਹੋਏ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਦੱਸਿਆ ਕਿ ਕੋਈ ਵੀ ਸੂਬਾ ਨੈਸ਼ਨਲ ਹਾਈਵੇ ਤੇ ਐਂਟਰੀ ਟੈਕਸ ਨਹੀਂ ਵਸੂਲ ਸਕਦਾ, ਉਹਨਾਂ ਦੱਸਿਆ ਕਿ ਨੈਸ਼ਨਲ ਹਾਈਵੇ ਦੇ ਨਿਯਮਾਂ ਅਨੁਸਾਰ ਜਦੋਂ ਸੜਕ ਬਣਾਉਣ ਵਾਲੀ ਕੰਪਨੀ ਵੱਲੋਂ ਮੋੜਾ ਤੇ ਮੋਟਾ ਟੋਲ ਲਿਆ ਜਾਂਦਾ ਹੈ ਤਾਂ ਉਸ ਤੋਂ ਇਕ ਕਿਲੋਮੀਟਰ ਅੱਗੇ ਐਂਟਰੀ ਟੈਕਸ ਕਿਵੇਂ ਲੱਗ ਸਕਦਾ ਹੈ। ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲੁੱਟ ਦੇ ਨਾਮ ਤੇ ਹੀ ਟੈਕਸ ਲਗਾਏ ਜਾ ਰਹੇ ਹਨ ਹੁਣ ਜਦੋਂ ਇਹ ਨੈਸ਼ਨਲ ਹਾਈਵੇ ਦੇ ਅਧੀਨ ਸੜਕ ਹੈ ਤਾਂ ਇਸ ਤੇ ਸੂਬਾ ਸਰਕਾਰ ਕਿਹੜੇ ਨਿਯਮਾਂ ਤਹਿਤ ਬਾਕੀ ਸੂਬਿਆਂ ਦੇ ਵਾਹਨਾਂ ਦੀ ਲੁੱਟ ਕਰ ਰਹੇ ਹਨ। ਉਹਨਾਂ ਦੱਸਿਆ ਕਿ ਜਦੋਂ ਭਾਰਤ ਇੱਕ ਦੇਸ਼ ਇੱਕ ਕਾਨੂੰਨ ਹੈ ਤਾਂ ਹਿਮਾਚਲ ਪ੍ਰਦੇਸ਼ ਨੰਬਰ ਦੀਆਂ ਗੱਡੀਆਂ ਬਿਨਾਂ ਟੈਕਸ ਦਿੱਤੇ ਜਾ ਰਹੀਆਂ ਹਨ ਜਦੋਂ ਕਿ ਹੋਰ ਸੂਬਿਆਂ ਦੀਆਂ ਗੱਡੀਆਂ ਤੋਂ ਨਜਾਇਜ਼ ਵਸੂਲੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵੀ ਸਾਡੇ ਸੂਬੇ ਵਿੱਚੋਂ ਹੀ ਨਿਕਲਿਆ ਹੈ ਉਹ ਵੀ ਸਾਡੇ ਭਰਾ ਹਨ ਜੇਕਰ ਪੰਜਾਬ ਸਰਕਾਰ ਵੀ ਬਰਾਬਰ ਟੈਕਸ ਲਗਾਉਂਦੀ ਹੈ ਤਾਂ ਇਸ ਨਾਲ ਦੁਖੀ ਤਾਂ ਆਮ ਜਨਤਾ ਹੀ ਹੋਵੇਗੀ। ਇਸ ਵਿਸ਼ਾਲ ਧਰਨੇ ਦੌਰਾਨ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ ਇਸ ਦੌਰਾਨ ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵੀ ਧਰਨੇ ਦਾ ਸਮਰਥਨ ਕੀਤਾ। ਜਾਮ ਵਿੱਚ ਫਸੇ ਹੋਏ ਹਿਮਾਚਲ ਪ੍ਰਦੇਸ਼ ਦੇ ਬੀਜੇਪੀ ਦੇ ਭਰਮੋਰ ਤੋਂ ਵਿਧਾਇਕ ਜਨਕ ਰਾਜ ਨੇ ਵੀ ਧਰਨੇ ਦਾ ਸਮਰਥਨ ਕੀਤਾ ਉਹਨਾਂ ਕਿਹਾ ਵਧਾਏ ਗਏ ਐਂਟਰੀ ਟੈਕਸ ਗਲਤ ਹੈ, ਉਨ੍ਹਾਂ ਕਿਹਾ ਕਿ ਜਦੋਂ ਸੂਬੇ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ ਤਾਂ ਸਾਰੇ ਐਂਟਰੀ ਪੁਆਇੰਟ ਬੰਦ ਕੀਤੇ ਜਾਣਗੇ। ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਕਈ ਕਿਲੋਮੀਟਰ ਲੰਬਾ ਜਾਮ ਲੱਗਿਆ ਰਿਹਾ ਅਤੇ ਜਾਮ ਵਿੱਚੋਂ ਇਲਾਜ ਲਈ ਜਾ ਰਹੇ ਵਾਹਨ ਅਤੇ ਐਂਬੂਲੈਂਸਾਂ ਸਕੂਲੀ ਬੱਸਾਂ ਨੂੰ ਜਾਂ ਐਮਰਜੈਂਸੀ ਵਾਹਨਾਂ ਨੂੰ ਜਾਣ ਦਿੱਤਾ ਗਿਆ। ਇਸ ਦੌਰਾਨ ਡੀਐਸਪੀ ਜਸਨਦੀਪ ਸਿੰਘ ਮਾਨ, ਥਾਣਾ ਮੁਖੀ ਰਾਹੁਲ ਸ਼ਰਮਾ, ਭਰਤਗੜ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਹਾਜ਼ਰ ਸਨ। ਇਸ ਦੌਰਾਨ ਗੌਰਵ ਰਾਣਾ, ਹਰਪ੍ਰੀਤ ਸਿੰਘ ਭੱਟੋ, ਸੋਹਣ ਸਿੰਘ ਜੇਤੇਵਾਲ, ਅਮਰਜੀਤ ਸਿੰਘ ਸੰਦੋਆ, ਸਿਕੰਦਰ ਸਿੰਘ ਹਜਾਰਾ, ਜਗਤਾਰ ਸਿੰਘ ਮੱਲੀ ਮੋਗਾ ਟੈਕਸੀ ਯੂਨੀਅਨ, ਮਨਪ੍ਰੀਤ ਸਿੰਘ ਧੂਰੀ ਟੈਕਸੀ ਯੂਨੀਅਨ, ਮੁਖਤਿਆਰ ਸਿੰਘ ਮਾਹਲਾ ਭਾਰਤੀ ਕਿਸਾਨ ਯੂਨੀਅਨ, ਪਰਦੀਪ ਸਿੰਘ ਆਜ਼ਾਦ ਟੈਕਸੀ ਯੂਨੀਅਨ ਰੋਪੜ, ਤੀਰਥ ਸਿੰਘ ਸੰਧੂ ਪਟਿਆਲਾ, ਕਰਨਵੀਰ ਸਿੰਘ ਸਿੱਧੂ, ਵਜਿੰਦਰ ਸਿੰਘ ਬਜਾੜ, ਮਾਤਾ ਮਹਿੰਦਰ ਕੌਰ ਹਰਖੋਵਾਲ ਗੁਰਦਾਸਪੁਰ, ਸਰਪੰਚ ਸ਼ਿੰਗਾਰਾ ਸਿੰਘ, ਸੇਠੀ ਸ਼ਰਮਾ ਕਿਸਾਨ ਆਗੂ, ਜਸਵੀਰ ਸਿੰਘ ਹਰਵਿੰਦਰ ਸਿੰਘ ਤਾਂ ਇਲਾਵਾ ਵੱਡੀ ਗਿਣਤੀ ਵਿੱਚ ਟਰੱਕ ਯੂਨੀਅਨ ਟੈਕਸੀ ਯੂਨੀਅਨ ਅਤੇ ਸਰਹੱਦੀ ਇਲਾਕੇ ਦੇ ਲੋਕ ਸ਼ਾਮਿਲ ਸਨ। ਬਾਕਸ--ਧਰਨੇ ਦਾ ਸਮਰਥਨ ਕਰਨ ਲਈ ਹਲਕੇ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਧਰਨਾਕਾਰੀਆਂ ਦੀਆਂ ਮੰਗਾਂ ਸੁਣੀਆਂ। ਇਸ ਦੌਰਾਨ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇਸ ਵਿਸ਼ੇ ਤੇ ਗੱਲ ਹੋਈ, ਜੇਕਰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਜਲਦ ਹੱਲ ਨਾ ਕੱਢਿਆ ਤਾਂ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਕਮਰਸ਼ੀਅਲ ਵਾਹਨਾਂ ਅਤੇ ਬਰਾਬਰ ਦਾ ਟੈਕਸ ਲਗਾਇਆ ਜਾਵੇਗਾ। ਉਹਨਾਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜੇਕਰ ਸੁਪਰੀਮ ਕੋਰਟ ਵੀ ਜਾਣਾ ਪਵੇ ਤਾਂ ਇਸਦਾ ਪੂਰਾ ਖਰਚ ਉਹ ਆਪ ਕਰਨਗੇ ਅਤੇ ਧਰਨਾਕਾਰੀਆਂ ਦੀ ਮਰਜ਼ੀ ਦੇ ਮਹਿੰਗੇ ਤੋਂ ਮਹਿੰਗੇ ਵਕੀਲ ਕਰਕੇ ਇਸ ਨਜਾਇਜ਼ ਟੋਲ ਟੈਕਸ ਨੂੰ ਬੰਦ ਕਰਵਾਇਆ ਜਾਵੇਗਾ ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਉਹ ਧਰਨਾਕਾਰੀਆਂ ਦੀ ਕਮੇਟੀ ਬਣਾ ਕੇ ਸੋਮਵਾਰ ਨੂੰ ਟਰਾਂਸਪੋਰਟ ਮੰਤਰੀ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਕਰਵਾਉਣਗੇ ਅਤੇ ਜਲਦ ਹੀ ਵਿਧਾਨ ਸਭਾ ਵਿੱਚ ਪਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਬਰਾਬਰ ਟੈਕਸ ਲਗਾਇਆ ਜਾਵੇਗਾ। ਹਿਮਾਚਲ ’ਤੇ ਪੰਜਾਬ ਸਰਕਾਰ ਨਾਲ ਹੋਵੇਗੀ ਗੱਲਬਾਤ ਟੈਕਸੀ ਯੂਨੀਅਨ ਦੇ ਨੁਮਾਇੰਦਿਆਂ ਦੀ ਵਿਚੋਲਗੀ ਨਾਲ ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਦੇ ਦਖਲ ਤੋਂ ਬਾਅਦ ਹਿਮਾਚਲ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਮੰਗਲਵਾਰ ਨੂੰ ਗੱਲਬਾਤ ਦਾ ਸੱਦਾ ਪੱਤਰ ਮਿਲਣ ਤੋਂ ਬਾਅਦ ਸੱਤ ਘੰਟੇ ਬਾਅਦ ਕਰੀਬ 5 ਵਜੇ ਜਾਮ ਖੋਲਿਆ ਗਿਆ। ਇਸ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਅਹਿਮ ਭੂਮਿਕਾ ਨਿਭਾਈ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਜਲਦ ਹੱਲ ਕਰਨ ਲਈ ਕਿਹਾ।