ਆਰਬੀਆਈਐੱਸ ਵੱਲੋਂ ਸਾਈਬਰ ਸੁਰੱਖਿਆ ਤੇ ਏਆਈ ਬਾਰੇ ਜਾਗਰੂਕਤਾ ਵਰਕਸ਼ਾਪ ਆਰਬੀਆਈਐਸ ਵੱਲੋਂ ਸਾਈਬਰ ਸੁਰੱਖਿਆ ਅਤੇ ਏਆਈ ਬਾਰੇ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ
Publish Date: Wed, 18 Nov 2026 04:19 PM (IST)
Updated Date: Wed, 18 Nov 2026 04:21 PM (IST)
ਸਟਾਫ਼ ਰਿਪੋਰਟਰ,ਪੰਜਾਬੀ ਜਾਗਰਣ, ਰੂਪਨਗਰ : ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ (ਆਰਬੀਆਈਐਸ) ਵੱਲੋਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਡਿਜੀਟਲ ਸਾਖਰਤਾ ਤੇ ਤਕਨਾਲੋਜੀ ਦੀ ਸੁਰੱਖਿਅਤ ਤੇ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਾਈਬਰ ਸੁਰੱਖਿਆ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਬੰਧੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ’ਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਸੀਨੀਅਰ ਵਿਦਿਆਰਥੀਆਂ ਨੇ ਭਾਗ ਲਿਆ। ਵਰਕਸ਼ਾਪ ਦਾ ਸੰਚਾਲਨ ਸੈਕਿਊਨੀਅਸ ਟੈਕ ਦੇ ਸੰਸਥਾਪਕ ਤੇ ਸੀਈਓ ਤੇ ਸਾਈਬਰ ਸੁਰੱਖਿਆ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਾਹਰ ਪਲਵਿੰਦਰ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਰੋਜ਼ਾਨਾ ਜੀਵਨ ’ਚ ਏਆਈ ਦੀ ਵਧ ਰਹੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਇਸ ਦੇ ਫਾਇਦਿਆਂ ਦੇ ਨਾਲ-ਨਾਲ ਸੰਭਾਵੀ ਖ਼ਤਰਿਆਂ ਤੇ ਚੁਣੌਤੀਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਡਿਜੀਟਲ ਤਕਨਾਲੋਜੀ ਦੀ ਸੁਰੱਖਿਅਤ ਵਰਤੋਂ, ਨਿੱਜੀ ਡੇਟਾ ਦੀ ਗੋਪਨੀਯਤਾ, ਆਨਲਾਈਨ ਧੋਖਾਧੜੀ, ਡੀਪਫੇਕ ਤੇ ਸਾਈਬਰ ਖ਼ਤਰਿਆਂ ਦੇ ਵੱਖ-ਵੱਖ ਰੂਪਾਂ ਬਾਰੇ ਜਾਗਰੂਕ ਕੀਤਾ। ਇੰਟਰਐਕਟਿਵ ਸੈਸ਼ਨ ਦੌਰਾਨ ਉਨ੍ਹਾਂ ਨੇ ਵਿਹਾਰਕ ਉਦਾਹਰਨਾਂ ਰਾਹੀਂ ਸਮਝਾਇਆ ਕਿ ਕਿਵੇਂ ਨਿੱਜੀ ਜਾਣਕਾਰੀ ਤੇ ਈਮੇਲ ਖਾਤਿਆਂ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਡਿਜੀਟਲ ਪਛਾਣ ਤੇ ਸੰਵੇਦਨਸ਼ੀਲ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਅਹਿਮ ਸੁਝਾਅ ਵੀ ਸਾਂਝੇ ਕੀਤੇ। ਪਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਏਆਈ ਆਧਾਰਿਤ ਸਿੱਖਿਆ ਸਾਧਨਾਂ, ਡਿਜ਼ਾਈਨ ਐਪਲੀਕੇਸ਼ਨਾਂ, ਪਾਸਵਰਡ ਮੈਨੇਜਰਾਂ ਤੇ ਆਨਲਾਈਨ ਸੁਰੱਖਿਆ ਐਪਲੀਕੇਸ਼ਨਾਂ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਨੇ ਮਜ਼ਬੂਤ ਪਾਸਵਰਡ ਵਰਤਣ, ਕਿਸੇ ਨਾਲ ਵੀ ਓਟੀਪੀ ਸਾਂਝਾ ਨਾ ਕਰਨ, ਸ਼ੱਕੀ ਲਿੰਕਾਂ ਤੋਂ ਬਚਣ ਤੇ ਇੰਟਰਨੈੱਟ ’ਤੇ ਨਿੱਜੀ ਜਾਣਕਾਰੀ ਸਾਂਝੀ ਕਰਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਸਾਈਬਰ ਸੁਰੱਖਿਆ ਤੇ ਏਆਈ ਦੀ ਜ਼ਿੰਮੇਵਾਰ ਵਰਤੋਂ ਸਬੰਧੀ ਵੱਖ-ਵੱਖ ਸਵਾਲ ਪੁੱਛ ਕੇ ਮਾਹਿਰ ਨਾਲ ਵਿਚਾਰ-ਵਟਾਂਦਰਾ ਕੀਤਾ। ਵਰਕਸ਼ਾਪ ਦੇ ਅੰਤ ’ਚ ਸਕੂਲ ਦੀ ਡਾਇਰੈਕਟਰ-ਪ੍ਰਿੰਸੀਪਲ ਡਾ. ਅਭਿਲਾਸ਼ਾ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਤੇ ਪਲਵਿੰਦਰ ਸਿੰਘ ਨੂੰ ਪ੍ਰਸ਼ੰਸਾ ਦੇ ਪ੍ਰਤੀਕ ਵਜੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਹ ਵਰਕਸ਼ਾਪ ਵਿਦਿਆਰਥੀਆਂ ਲਈ ਜਾਣਕਾਰੀ ਭਰਪੂਰ ਤੇ ਲਾਹੇਵੰਦ ਸਾਬਤ ਹੋਈ, ਜਿਸ ਨੇ ਉਨ੍ਹਾਂ ਨੂੰ ਡਿਜੀਟਲ ਦੁਨੀਆ ’ਚ ਸੁਰੱਖਿਅਤ, ਸੁਚੇਤ ਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।