ਪਰਿਵਾਰਕ ਕਾਊਂਸਲਿੰਗ ਸਬੰਧੀ ਜਾਗਰੂਕਤਾ ਸੈਮੀਨਾਰ ਡੀ-ਐਡਿਕਸ਼ਨ ਸੈਂਟਰ ਵਿਖੇ ਪਰਿਵਾਰਕ ਕਾਊਂਸਲਿੰਗ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
Publish Date: Tue, 24 Nov 2026 04:36 PM (IST)
Updated Date: Tue, 24 Nov 2026 04:37 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਿਵਲ ਹਸਪਤਾਲ ਰੂਪਨਗਰ ਦੇ ਡੀ-ਐਡਿਕਸ਼ਨ ਸੈਂਟਰ ਵਿਖੇ ਡਾ. ਕੰਵਰਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਊਂਸਲਰ ਪ੍ਰਭਜੋਤ ਕੌਰ ਵੱਲੋਂ ਦਾਖ਼ਲ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਪਰਿਵਾਰਕ ਸਹਿਯੋਗ ਦੀ ਮਹੱਤਤਾ ਤੇ ਨਸ਼ਾ ਮੁਕਤੀ ਦੇ ਇਲਾਜ ’ਚ ਪਰਿਵਾਰ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੌਰਾਨ ਕਾਊਂਸਲਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਡੀ-ਐਡਿਕਸ਼ਨ ਸੈਂਟਰ ਵਿਖੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਲਗਾਤਾਰ ਕਾਊਂਸਲਿੰਗ ਸੈਸ਼ਨ ਕਰਵਾਏ ਜਾ ਰਹੇ ਹਨ, ਜਿਨ੍ਹਾਂ ’ਚ ਪਰਿਵਾਰਕ ਮੈਂਬਰ ਵੱਡੀ ਗਿਣਤੀ ’ਚ ਸ਼ਮੂਲੀਅਤ ਕਰ ਰਹੇ ਹਨ। ਇਸ ਮੌਕੇ ਡਾ. ਕੰਵਰਬੀਰ ਸਿੰਘ ਗਿੱਲ ਨੇ ਕਿਹਾ ਕਿ ਨਸ਼ਾ ਮੁਕਤੀ ਦੇ ਸਫ਼ਰ ’ਚ ਪਰਿਵਾਰ ਮਰੀਜ਼ ਦੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ। ਪਰਿਵਾਰ ਵੱਲੋਂ ਮਿਲਣ ਵਾਲਾ ਪਿਆਰ, ਸਹਿਯੋਗ ਤੇ ਹੌਸਲਾ ਮਰੀਜ਼ ਨੂੰ ਇਲਾਜ ਨਾਲ ਜੁੜੇ ਰਹਿਣ ਤੇ ਨਸ਼ੇ ਤੋਂ ਦੂਰ ਰਹਿਣ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੇ ਉਲਟ ਪਰਿਵਾਰਕ ਸਹਿਯੋਗ ਦੀ ਘਾਟ ਮਰੀਜ਼ ਦੇ ਮੁੜ ਨਸ਼ੇ ਵੱਲ ਜਾਣ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਕਿ ਮਰੀਜ਼ ਨੂੰ ਤਾਅਨੇ ਮਾਰਨ, ਇਕੱਲਾ ਛੱਡਣ ਜਾਂ ਗੁੱਸਾ ਕਰਨ ਦੀ ਬਜਾਏ ਪਿਆਰ, ਸਬਰ ਤੇ ਸਮਝਦਾਰੀ ਨਾਲ ਉਸ ਦਾ ਸਾਥ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮਰੀਜ਼ ਦੇ ਵਿਹਾਰ ਤੇ ਮਨੋਦਸ਼ਾ ’ਚ ਆਉਣ ਵਾਲੀਆਂ ਤਬਦੀਲੀਆਂ ਤੇ ਮੁੜ ਨਸ਼ਾ ਕਰਨ ਦੇ ਸੰਭਾਵੀ ਸੰਕੇਤਾਂ ਦੀ ਪਛਾਣ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ। ਕਾਊਂਸਲਰ ਪ੍ਰਭਜੋਤ ਕੌਰ ਨੇ ਕਿਹਾ ਕਿ ਪਰਿਵਾਰਕ ਸਹਿਯੋਗ ਤੋਂ ਬਿਨਾਂ ਨਸ਼ਾ ਮੁਕਤੀ ਦਾ ਇਲਾਜ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕਦਾ। ਪਰਿਵਾਰਕ ਕਾਊਂਸਲਿੰਗ ਨਾਲ ਮਰੀਜ਼ ਦਾ ਆਤਮ-ਵਿਸ਼ਵਾਸ ਵਧਦਾ ਹੈ, ਉਹ ਇਲਾਜ ਪੂਰਾ ਕਰਨ ਲਈ ਪ੍ਰੇਰਿਤ ਹੁੰਦਾ ਹੈ ਤੇ ਪਰਿਵਾਰਕ ਮਾਹੌਲ ’ਚ ਵੀ ਸੁਧਾਰ ਆਉਂਦਾ ਹੈ। ਸੈਮੀਨਾਰ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਸ਼ਾ ਮੁਕਤੀ ਤੇ ਪਰਿਵਾਰਕ ਸਹਿਯੋਗ ਦਾ ਇਹ ਸੁਨੇਹਾ ਸਮਾਜ ਦੇ ਹੋਰਨਾਂ ਲੋਕਾਂ ਤੱਕ ਵੀ ਪਹੁੰਚਾਉਣ ਤੇ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਵਿਅਕਤੀਆਂ ਨੂੰ ਹਰ ਪੜਾਅ ’ਤੇ ਹੌਸਲਾ ਤੇ ਸਹਿਯੋਗ ਦੇਣ।