ਡੇਂਗੂ ਦੀ ਰੋਕਥਾਮ ਲਈ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਜਾਗਰੂਕਤਾ ਰੈਲੀ ਡੇਂਗੂ ਦੀ ਰੋਕਥਾਮ ਲਈ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਜਾਗਰੂਕਤਾ ਰੈਲੀ
Publish Date: Fri, 18 Sep 2026 05:57 PM (IST)
Updated Date: Fri, 18 Sep 2026 05:59 PM (IST)
274 ਘਰਾਂ ਤੇ ਹੋਰ ਥਾਵਾਂ ਦਾ ਸਰਵੇਖਣ, 1,311 ਪਾਣੀ ਵਾਲੇ ਭਾਂਡਿਆਂ ਦੀ ਜਾਂਚ; 9 ਭਾਂਡਿਆਂ ਚ ਮਿਲਿਆ ਡੇਂਗੂ ਦਾ ਲਾਰਵਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਡੇਂਗੂ ਦੀ ਰੋਕਥਾਮ ਤੇ ਇਸ ਦੇ ਫੈਲਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਚਲਾਈ ਜਾ ਰਹੀ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਜ਼ਿਲ੍ਹਾ ਰੂਪਨਗਰ ’ਚ ਵਿਸ਼ੇਸ਼ ਡੇਂਗੂ ਵਿਰੋਧੀ ਤੇ ਲਾਰਵਾ-ਵਿਰੋਧੀ ਗਤੀਵਿਧੀਆਂ ਕਰਵਾਈਆਂ ਗਈਆਂ। ਇਸੇ ਤਹਿਤ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਡੇਂਗੂ ਦੀ ਰੋਕਥਾਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ ਕੱਢੀ ਗਈ। ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਦੀ ਅਗਵਾਈ ਹੇਠ ਕਰਵਾਈ ਗਈ ਇਸ ਗਤੀਵਿਧੀ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ਲਈ ਸੰਵੇਦਨਸ਼ੀਲ ਤੇ ਚਿੰਨ੍ਹਿਤ ਖੇਤਰਾਂ ਦਾ ਵਿਸ਼ੇਸ਼ ਦੌਰਾ ਕਰਕੇ ਘਰ-ਘਰ ਸਰਵੇਖਣ ਕੀਤਾ ਗਿਆ। ਟੀਮਾਂ ਵੱਲੋਂ ਸੰਭਾਵਿਤ ਮੱਛਰ ਪ੍ਰਜਨਨ ਸਥਾਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤੇ ਖੜ੍ਹੇ ਪਾਣੀ ਦੇ ਸਰੋਤਾਂ ਦੀ ਪਛਾਣ ਕਰਕੇ ਲਾਰਵੇ ਦੀ ਮੌਜੂਦਗੀ ਦੀ ਜਾਂਚ ਕੀਤੀ ਗਈ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਰੂਪਨਗਰ, ਭਰਤਗੜ੍ਹ, ਸ੍ਰੀ ਚਮਕੌਰ ਸਾਹਿਬ, ਕੀਰਤਪੁਰ ਸਾਹਿਬ ਤੇ ਨੂਰਪੁਰ ਬੇਦੀ ਖੇਤਰਾਂ ’ਚ 274 ਘਰਾਂ ਤੇ ਹੋਰ ਥਾਵਾਂ ਦਾ ਸਰਵੇਖਣ ਕਰਕੇ 1,311 ਪਾਣੀ ਵਾਲੇ ਭਾਂਡਿਆਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ 9 ਭਾਂਡਿਆਂ ਵਿਚ ਲਾਰਵਾ ਮੌਜੂਦ ਪਾਇਆ ਗਿਆ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੌਕੇ ’ਤੇ ਹੀ ਲੋੜੀਂਦੀ ਲਾਰਵਾ-ਵਿਰੋਧੀ ਕਾਰਵਾਈ ਕਰਦਿਆਂ ਮੱਛਰ ਦੇ ਪ੍ਰਜਨਨ ਸਰੋਤਾਂ ਨੂੰ ਖ਼ਤਮ ਕੀਤਾ ਗਿਆ। ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ। ਇਨ੍ਹਾਂ ਟੀਮਾਂ ਵਿਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਆਸ਼ਾ ਵਰਕਰਾਂ, ਨਰਸਿੰਗ ਕਰਮਚਾਰੀਆਂ ਤੇ ਪਿੰਡ ਸਿਹਤ, ਸਫ਼ਾਈ ਤੇ ਪੋਸ਼ਣ ਕਮੇਟੀਆਂ ਦੇ ਮੈਂਬਰਾਂ ਵੱਲੋਂ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਹਾਇਕ ਪ੍ਰੋਗਰਾਮ ਅਫ਼ਸਰ, ਐੱਨਵੀਬੀਡੀਸੀਪੀ, ਪੰਜਾਬ, ਬਲਜੀਤ ਕੌਰ, ਸਟੇਟ ਐਨਟੋਮੋਲੋਜਿਸਟ ਨਜਾਤ ਇੰਦਰ ਸਿੰਘ, ਪ੍ਰੇਮ ਸਰੂਪ, ਵਿਕਰਮ ਕੁਮਾਰ, ਅਮਰੀਕ ਸਿੰਘ, ਮੈਡੀਕਲ ਅਫ਼ਸਰ ਦਿਲਬਾਗ ਸਿੰਘ, ਰਣਜੀਤ ਸਿੰਘ ਤੋਂ ਇਲਾਵਾ ਹੋਰ ਸਿਹਤ ਕਰਮਚਾਰੀ ਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੀ ਮੌਜੂਦ ਸਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਬਚਾਅ ਦੇ ਉਪਾਵਾਂ ਤੇ ਆਪਣੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਰਕਾਰੀ ਪੱਧਰ ’ਤੇ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ-ਨਾਲ ਹਰੇਕ ਨਾਗਰਿਕ ਦੀ ਸਰਗਰਮ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ। ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਆਪਣੇ ਘਰਾਂ, ਦਫ਼ਤਰਾਂ, ਦੁਕਾਨਾਂ ਤੇ ਆਲੇ-ਦੁਆਲੇ ਦੀਆਂ ਥਾਵਾਂ ਦੀ ਜਾਂਚ ਜ਼ਰੂਰ ਕਰਨ। ਕੂਲਰਾਂ, ਗਮਲਿਆਂ, ਪਾਣੀ ਵਾਲੇ ਭਾਂਡਿਆਂ, ਛੱਤਾਂ, ਪੁਰਾਣੇ ਟਾਇਰਾਂ ਤੇ ਹੋਰ ਥਾਵਾਂ ’ਤੇ ਖੜ੍ਹੇ ਪਾਣੀ ਨੂੰ ਤੁਰੰਤ ਖਾਲੀ ਕੀਤਾ ਜਾਵੇ ਤੇ ਪਾਣੀ ਵਾਲੇ ਭਾਂਡਿਆਂ ਨੂੰ ਢੱਕ ਕੇ ਰੱਖਿਆ ਜਾਵੇ। ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਤੇ ਡੇਂਗੂ ਦੇ ਮੱਛਰ ਦੀ ਪੈਦਾਵਾਰ ਦੇ ਸੰਭਾਵਿਤ ਸਰੋਤਾਂ ਨੂੰ ਨਿਯਮਤ ਤੌਰ ’ਤੇ ਖ਼ਤਮ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਰਵੇਖਣ ਤੇ ਨਿਗਰਾਨੀ ਦੌਰਾਨ ਸਿਹਤ ਕਰਮਚਾਰੀਆਂ ਨਾਲ ਪੂਰਾ ਸਹਿਯੋਗ ਕੀਤਾ ਜਾਵੇ। ਜੇਕਰ ਕਿਸੇ ਵਿਅਕਤੀ ’ਚ ਡੇਂਗੂ ਨਾਲ ਸਬੰਧਤ ਲੱਛਣ, ਜਿਵੇਂ ਤੇਜ਼ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਸਰੀਰ ’ਚ ਦਰਦ ਆਦਿ ਸਾਹਮਣੇ ਆਉਣ ਤਾਂ ਬਿਨਾਂ ਦੇਰੀ ਨੇੜਲੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਹਰੇਕ ਪਰਿਵਾਰ ਹਫ਼ਤੇ ਵਿਚ ਘੱਟੋ-ਘੱਟ ਇੱਕ ਦਿਨ ਆਪਣੇ ਘਰ ਤੇ ਆਲੇ-ਦੁਆਲੇ ਦੀ ਜਾਂਚ ਕਰਕੇ ਖੜ੍ਹੇ ਪਾਣੀ ਦੇ ਸਰੋਤਾਂ ਨੂੰ ਖ਼ਤਮ ਕਰਨ ਲਈ ਸਰਗਰਮ ਭੂਮਿਕਾ ਨਿਭਾਏ ਤਾਂ ਡੇਂਗੂ ਦੇ ਫੈਲਾਅ ਨੂੰ ਰੋਕਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ।