ਕਰਿਆਨਾ ਸਟੋਰ ਦਾ ਸ਼ਟਰ ਪੁੱਟ ਕੇ ਚੋਰੀ ਦੀ ਕੋਸ਼ਿਸ਼ ਕਰਿਆਨਾ ਸਟੋਰ ਦਾ ਸ਼ਟਰ ਪੁੱਟ ਕੇ ਚੋਰੀ ਦੀ ਕੋਸ਼ਿਸ਼, ਲਗਾਤਾਰ ਚੋਰੀਆਂ ਕਾਰਨ ਲੋਕਾਂ ’ਚ
Publish Date: Mon, 07 Sep 2026 06:10 PM (IST)
Updated Date: Mon, 07 Sep 2026 06:13 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਬੇਲਾ : ਰੂਪਨਗਰ--ਬੇਲਾ ਰੋਡ ’ਤੇ ਪੈਂਦੇ ਪਿੰਡ ਸਿਲੋਮਾਸਕੋ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਸੈਣੀ ਕਰਿਆਨਾ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਦਾ ਸ਼ਟਰ ਪੁੱਟ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਰਾਤ ਕਰੀਬ 1 ਵਜੇ ਦੇ ਆਸ-ਪਾਸ ਵਾਪਰੀ। ਇਸ ਸਬੰਧੀ ਦੁਕਾਨ ਦੇ ਮਾਲਕ ਗੁਰਮੇਲ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦਾ ਸ਼ਟਰ ਤਾਂ ਪੁੱਟ ਦਿੱਤਾ ਸੀ, ਪ੍ਰੰਤੂ ਸ਼ਾਇਦ ਉਸੇ ਵੇਲੇ ਕਿਸੇ ਰਾਹਗੀਰ ਜਾਂ ਵਾਹਨ ਦੇ ਆਉਣ ਕਾਰਨ ਚੋਰ ਘਬਰਾ ਕੇ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਕਾਰਨ ਦੁਕਾਨ ਅੰਦਰ ਕਿਸੇ ਤਰ੍ਹਾਂ ਦੀ ਚੋਰੀ ਜਾਂ ਵੱਡਾ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੋਰਾਂ ਵੱਲੋਂ ਉਨ੍ਹਾਂ ਦੀ ਮੋਟਰ ਦਾ ਤਾਲਾ ਵੀ ਤੋੜਿਆ ਗਿਆ ਹੈ ਪ੍ਰੰਤੂ ਉਥੋਂ ਵੀ ਕੁਝ ਚੋਰੀ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਸਬੰਧੀ ਪੁਲਿਸ ਚੌਂਕੀ ਬੇਲਾ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਚੌਂਕੀ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੁਕਾਨ ਵਿਚ ਕਿਸੇ ਤਰ੍ਹਾਂ ਦੀ ਕੋਈ ਚੋਰੀ ਨਹੀਂ ਹੋਈ ਹੈ ਪ੍ਰੰਤੂ ਫਿਰ ਵੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕਸਬਾ ਬੇਲਾ ਅਤੇ ਆਸ-ਪਾਸ ਦੇ ਇਲਾਕੇ ਵਿਚ ਪਿਛਲੇ ਕੁਝ ਸਮੇਂ ਤੋਂ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਕਾਰਨ ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਵਿਚ ਭਾਰੀ ਸਹਿਮ ਤੇ ਦਹਿਸ਼ਤ ਦਾ ਮਾਹੌਲ ਹੈ। ਬੀਤੇ ਦਿਨੀਂ ਵੀ ਕਸਬਾ ਬੇਲਾ ਦੇ ਬੱਸ ਸਟੈਂਡ ’ਤੇ ਸਥਿਤ ਜੋਗਾ ਸਿੰਘ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਦਾ ਪੁਲਿਸ ਅਜੇ ਤੱਕ ਕੋਈ ਸੁਰਾਗ ਨਹੀਂ ਲਗਾ ਸਕੀ ਹੈ। ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਰਾਤ ਦੀ ਗਸ਼ਤ ਵਧਾਈ ਜਾਵੇ ਅਤੇ ਇਨ੍ਹਾਂ ਚੋਰਾਂ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਭੇਜਿਆ ਜਾਵੇ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ।