- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਐਥਲੈਟਿਕਸ ਮੀਟ ਵਿਚ ਖ਼ਾਲਸਾ ਸਕੂਲ ਜੰਡ ਸਾਹਿਬ ਦੇ ਐਥਲੀਟਾਂ ਨੇ ਜਿੱਤੇ ਪੰਜ ਮੈਡਲ

ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ ਬਹਿਰਾਮਪੁਰ : ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਦੇ ਐਥਲੀਟਾਂ ਨੇ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 5 ਮੈਡਲ ਆਪਣੇ ਨਾਮ ਕੀਤੇ। ਇਨ੍ਹਾਂ ’ਚ ਇੱਕ ਸੋਨ ਤਗਮਾ, ਦੋ ਚਾਂਦੀ ਦੇ ਤਗਮੇ ਅਤੇ ਦੋ ਕਾਂਸੀ ਦੇ ਤਗਮੇ ਸ਼ਾਮਲ ਹਨ। ਐਥਲੀਟਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ਦਾ ਨਾਮ ਖੇਡਾਂ ਦੇ ਖੇਤਰ ’ਚ ਹੋਰ ਉੱਚਾ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡੀਪੀਈ. ਜਸਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਐਥਲੈਟਿਕਸ ਮੀਟ ਨਹਿਰੂ ਸਟੇਡੀਅਮ, ਰੋਪੜ ਵਿਖੇ ਕਰਵਾਈ ਗਈ। ਇਸ ਮੁਕਾਬਲੇ ’ਚ ਸਕੂਲ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਅਤੇ ਸਖ਼ਤ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਉਨ੍ਹਾਂ ਦੱਸਿਆ ਕਿ 19 ਸਾਲਾ ਉਮਰ ਵਰਗ ’ਚ ਹਰਮਨਪ੍ਰੀਤ ਕੌਰ ਨੇ ਉੱਚੀ ਛਾਲ ’ਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ। ਇਸੇ ਉਮਰ ਵਰਗ ’ਚ ਰੋਮਨਪ੍ਰੀਤ ਕੌਰ ਨੇ ਉੱਚੀ ਛਾਲ ’ਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਜਿੱਤਿਆ, ਜਦਕਿ ਸਿਮਰਨਜੀਤ ਕੌਰ ਨੇ ਤੀਹਰੀ ਛਾਲ ’ਚ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸੇ ਤਰ੍ਹਾਂ 14 ਸਾਲਾ ਉਮਰ ਵਰਗ ’ਚ ਜਸਵੀਰ ਕੌਰ ਨੇ ਲੰਬੀ ਛਾਲ ’ਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ। 17 ਸਾਲਾ ਉਮਰ ਵਰਗ ’ਚ ਅਰਮਾਨ ਨੇ ਉੱਚੀ ਛਾਲ ’ਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੀ ਪ੍ਰਿੰਸੀਪਲ ਡਿੰਪਲ ਢਿੱਲੋਂ ਨੇ ਮੈਡਲ ਜੇਤੂ ਸਮੂਹ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਸਫਲਤਾ ਖਿਡਾਰੀਆਂ ਦੀ ਸਖ਼ਤ ਮਿਹਨਤ, ਲਗਨ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਨੇ ਸਕੂਲ ਦੇ ਡੀਪੀਈ ਜਸਵੰਤ ਸਿੰਘ ਨੂੰ ਵੀ ਇਸ ਪ੍ਰਾਪਤੀ ਦਾ ਸਿਹਰਾ ਦਿੰਦਿਆਂ ਕਿਹਾ ਕਿ ਇਹ ਸਭ ਉਨ੍ਹਾਂ ਦੀ ਯੋਗ ਰਹਿਨੁਮਾਈ, ਸਹੀ ਮਾਰਗਦਰਸ਼ਨ ਅਤੇ ਨਿਰੰਤਰ ਮਿਹਨਤ ਸਦਕਾ ਸੰਭਵ ਹੋ ਸਕਿਆ ਹੈ। ਸਮੂਹ ਖਿਡਾਰੀਆਂ ਦਾ ਸਕੂਲ ਵਿਖੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਉਪਰੋਕਤ ਖਿਡਾਰੀਆਂ ਨੂੰ ਸਵੇਰ ਦੀ ਸਭਾ ਦੌਰਾਨ ਸਨਮਾਨਿਤ ਵੀ ਕੀਤਾ ਗਿਆ1 ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਬੱਚੇ ਹਾਜ਼ਿਰ ਸਨ।