ਦੋ ਪੰਜਾਬੀ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਮੇਜਰ ਅੰਜੂ ਬਾਲਾ ਸਿੰਘ ਨੇ ਦਿੱਤਾ ਭਰੋਸਾ ਦੋ ਪੰਜਾਬੀ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਮੇਜਰ ਅੰਜੂ ਬਾਲਾ ਸਿੰਘ ਵੱਲੋਂ ਦਿੱਤਾ ਭਰੋਸਾ
Publish Date: Wed, 07 Oct 2026 07:16 PM (IST)
Updated Date: Wed, 07 Oct 2026 07:17 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਬੁੱਧਵਾਰ ਨੂੰ ਹਲਕਾ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਪਿੰਡ ਬਰਸਾਲਪੁਰ ਵਿਖੇ ਭਾਜਪਾ ਹਲਕਾ ਚਮਕੌਰ ਸਾਹਿਬ ਦੀ ਸੀਨੀਅਰ ਆਗੂ ਮੇਜਰ ਅੰਜੂ ਬਾਲਾ ਸਿੰਘ ਪਹੁੰਚੇ ਅਤੇ ਸਾਊਦੀ ਅਰਬ ਵਿਚ ਕੈਦ ਕੱਟ ਰਹੇ ਦੋ ਪੰਜਾਬੀ ਨੌਜਵਾਨਾਂ ਗੁਰਦੀਪ ਸਿੰਘ ਪੁੱਤਰ ਅਜਮੇਰ ਸਿੰਘ, ਵਾਸੀ ਪਿੰਡ ਬਰਸਾਲਪੁਰ ਅਤੇ ਸੁਖਚੈਨ ਸਿੰਘ ਪੁੱਤਰ ਛਿੰਦਰ ਸਿੰਘ, ਵਾਸੀ ਪਿੰਡ ਮਾਣਕੀ, ਜਿਲ੍ਹਾ ਲੁਧਿਆਣਾ, ਪੰਜਾਬ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਸਾਊਦੀ ਅਰਬ ਦੀ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਗੰਭੀਰ ਚਿੰਤਾ ਅਤੇ ਦੁੱਖ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਮੁਲਾਕਾਤ ਦੌਰਾਨ ਮੇਜਰ ਅੰਜੂ ਬਾਲਾ ਸਿੰਘ ਨੇ ਪਰਿਵਾਰ ਤੋਂ ਨੌਜਵਾਨਾਂ ਦੇ ਮਾਮਲੇ, ਉਨ੍ਹਾਂ ਦੀ ਕਾਨੂੰਨੀ ਸਥਿਤੀ, ਜੇਲ੍ਹ ਵਿਚ ਮੌਜੂਦਾ ਹਾਲਾਤ ਅਤੇ ਹੁਣ ਤੱਕ ਹੋਈ ਕਾਰਵਾਈ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸੰਵੇਦਨਸ਼ੀਲ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਕੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ, ਰਿਆਦ ਸਥਿਤ ਭਾਰਤੀ ਦੂਤਾਵਾਸ, ਪੰਜਾਬ ਦੇ ਰਾਜਪਾਲ, ਸਬੰਧਤ ਰਾਜਦੂਤ ਅਤੇ ਪ੍ਰਧਾਨ ਮੰਤਰੀ ਦਫ਼ਤਰ ਸਮੇਤ ਹਰ ਸੰਬੰਧਿਤ ਪੱਧਰ ’ਤੇ ਉਠਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਹ ਦੋਵੇਂ ਨੌਜਵਾਨ ਸਿਰਫ਼ ਆਪਣੇ ਪਰਿਵਾਰਾਂ ਦੇ ਪੁੱਤਰ ਨਹੀਂ, ਸਗੋਂ ਪੂਰੇ ਪੰਜਾਬ ਦੇ ਪੁੱਤਰ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਨਿਆਂ ਦਿਵਾਉਣ, ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦੀ ਪੂਰੀ ਕਾਨੂੰਨੀ ਅਤੇ ਤੱਥਾਤਮਕ ਜਾਣਕਾਰੀ ਇਕੱਠੀ ਕਰਕੇ ਇਸ ਨੂੰ ਉੱਚ ਪੱਧਰੀ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ, ਅਸੀਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨੂੰ ਇਕੱਲਾ ਨਹੀਂ ਛੱਡਾਂਗੇ। ਵਿਦੇਸ਼ ਮੰਤਰਾਲੇ ਅਤੇ ਸਬੰਧਤ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਨੌਜਵਾਨਾਂ ਦੀ ਸੁਰੱਖਿਆ, ਕਾਨੂੰਨੀ ਪੈਰਵੀ ਅਤੇ ਨਿਆਂ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਸਾਡਾ ਉਦੇਸ਼ ਹੈ ਕਿ ਇਸ ਮਾਮਲੇ ਵਿਚ ਨਿਰਪੱਖ ਕਾਰਵਾਈ ਹੋਵੇ ਅਤੇ ਦੋਵੇਂ ਪੰਜਾਬੀ ਨੌਜਵਾਨਾਂ ਨੂੰ ਇਨਸਾਫ਼ ਮਿਲੇ। ਮੇਜਰ ਅੰਜੂ ਬਾਲਾ ਸਿੰਘ ਨੇ ਪੰਜਾਬ ਅਤੇ ਦੇਸ਼-ਵਿਦੇਸ਼ ਵਿਚ ਵੱਸਦੇ ਐਨਆਰਆਈ. ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਸਮੇਂ ਵਿਚ ਪੀੜਤ ਪਰਿਵਾਰ ਦੇ ਨਾਲ ਖੜ੍ਹਨ ਅਤੇ ਕਾਨੂੰਨੀ ਸਹਾਇਤਾ ਸਮੇਤ ਹਰ ਸੰਭਵ ਮਦਦ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਰਾਹੀਂ ਹੀ ਪਰਿਵਾਰ ਨੂੰ ਮਜ਼ਬੂਤ ਸਹਾਰਾ ਦਿੱਤਾ ਜਾ ਸਕਦਾ ਹੈ ਅਤੇ ਦੋਵੇਂ ਨੌਜਵਾਨਾਂ ਲਈ ਨਿਆਂ ਦੀ ਲੜਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾ ਸਕਦਾ ਹੈ।