ਪੰਜਾਬ ਸਰਕਾਰ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਟ੍ਰੇਨਿੰਗ ਦੇਣ ਦੀ ਸਹਿਮਤੀ ’ਤੇ ਧੰਨਵਾਦ ਪੰਜਾਬ ਸਰਕਾਰ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਟ੍ਰੇਨਿੰਗ ਦੇਣ ਦੀ ਸਹਿਮਤੀ ’ਤੇ ਐਸ਼ੋਸ਼ੀਏਸ਼ਨ ਵੱਲੋਂ ਧੰਨਵਾਦ
Publish Date: Mon, 24 Aug 2026 05:10 PM (IST)
Updated Date: Mon, 24 Aug 2026 05:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰਬੇਦੀ : ਮੈਡੀਕਲ ਪ੍ਰੈਕਟੀਸ਼ਨਰਜ਼ ਐਸ਼ੋਸ਼ੀਏਸ਼ਨ ਬਲਾਕ ਨੂਰਪੁਰਬੇਦੀ ਦੀ ਇੱਕ ਜ਼ਰੂਰੀ ਮੀਟਿੰਗ ਸਥਾਨਕ ਵਿਸ਼ਵਕਰਮਾ ਮੰਦਿਰ ਵਿਖੇ ਸੂਬਾ ਆਗੂ ਦਿਨੇਸ਼ ਹੱਲਣ ਅਤੇ ਬਲਾਕ ਪ੍ਰਧਾਨ ਡਾਕਟਰ ਗੁਰਪਾਲ ਚੌਧਰੀ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਐਸ਼ੋਸ਼ੀਏਸ਼ਨ ਦੇ ਚੇਅਰਮੈਨ ਸਵਰਨਜੀਤ ਬੈਂਸ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਜ਼ ਦੀ ਲੰਬੇ ਸਮੇਂ ਤੋਂ ਚੱਲ ਰਹੀ ਰਜਿਸਟ੍ਰੇਸ਼ਨ ਦੀ ਮੰਗ ਅਤੇ ਪੰਜਾਬ ਸਰਕਾਰ ਨਾਲ ਹੋਈ ਗੱਲਬਾਤ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਲੰਬੇ ਸਮੇਂ ਤੋਂ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੇ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣ ਅਤੇ ਇਸ ਤੋਂ ਬਾਅਦ ਰਜਿਸਟਰਡ ਕਰਨ ਦੀ ਤਜਵੀਜ਼ ਨੂੰ ਸਰਕਾਰ ਵੱਲੋਂ ਸਹਿਮਤੀ ਦਿੱਤੀ ਗਈ ਹੈ। ਐਸੀਸੀਏਸ਼ਨ ਦੇ ਆਗੂਆਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਪਿਛਲੇ ਲੰਬੇ ਸਮੇਂ ਤੋਂ ਆਪਣੀ ਰਜਿਸਟ੍ਰੇਸ਼ਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ ਅਤੇ ਸਰਕਾਰ ਵੱਲੋਂ ਟ੍ਰੇਨਿੰਗ ਦੇਣ ਲਈ ਸਹਿਮਤੀ ਦਿੱਤੇ ਜਾਣ ਨਾਲ ਉਨ੍ਹਾਂ ਦੀ ਆਸ ਨੂੰ ਬਲ ਮਿਲਿਆ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਤੈਅ ਕੀਤੀ ਪ੍ਰਕਿਰਿਆ ਤਹਿਤ ਮੈਡੀਕਲ ਪ੍ਰੈਕਟੀਸ਼ਨਰਜ਼ ਵੱਲੋਂ ਆਪਣੇ ਤਜਰਬੇ ਨਾਲ ਸਬੰਧਤ ਦਸਤਾਵੇਜ਼, ਸਵੈ-ਘੋਸ਼ਣਾ ਪੱਤਰ ਅਤੇ ਹੋਰ ਲੋੜੀਂਦੇ ਕਾਗਜ਼ਾਤ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਤਹਿਤ ਬਲਾਕ ਨੂਰਪੁਰਬੇਦੀ ਦੇ ਮੈਂਬਰਾਂ ਨੇ ਆਪਣੇ ਦਸਤਾਵੇਜ਼ ਵਿਭਾਗ ਨੂੰ ਸੌਂਪ ਦਿੱਤੇ ਹਨ ਅਤੇ ਪੂਰੇ ਪੰਜਾਬ ਅੰਦਰ ਇਹ ਕਾਰਵਾਈ ਜਾਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਵੱਲੋਂ ਇਸ ਪ੍ਰਕਿਰਿਆ ਨੂੰ ਜਲਦ ਮੁਕੰਮਲ ਕਰਕੇ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਟ੍ਰੇਨਿੰਗ ਦੇਣ ਉਪਰੰਤ ਰਜਿਸਟ੍ਰੇਸ਼ਨ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਐਸ਼ੋਸ਼ੀਏਸ਼ਨ ਭਵਿੱਖ ਵਿੱਚ ਸਿਹਤ ਵਿਭਾਗ ਵੱਲੋਂ ਸਮਾਜ ਵਿੱਚ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਵਿੱਚ ਵੀ ਹਰ ਸੰਭਵ ਸਹਿਯੋਗ ਦੇਵੇਗੀ। ਇਸ ਮਿਟਿੰਗ ’ਚ ਬਲਾਕ ਦੀ ਵੱਖ ਵੱਖ ਪਿੰਡਾਂ ’ਚ ਕਲੀਨਿਕਾ ਚਲਾ ਰਹੇ ਮੈਡੀਕਲ ਪ੍ਰੈਕਟੀਸ਼ਨਰਜ਼ ਹਾਜ਼ਰ ਸਨ।