ਵਾਦ-ਵਿਵਾਦ ਮੁਕਾਬਲੇ ’ਚ ਅਸ਼ਮੀਤ ਕੌਰ ਅੱਵਲ, ਗੁਰਦਰਸ਼ਨਪ੍ਰੀਤ ਕੌਰ ਦੂਜੇ ਸਥਾਨ ’ਤੇ ਅਸ਼ਮੀਤ ਕੌਰ ਨੇ ਵਾਦ ਵਿਵਾਦ ਮੁਕਾਬਲੇ ਵਿਚ ਪਹਿਲਾ ਤੇ ਗੁਰਦਰਸ਼ਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ
Publish Date: Sun, 29 Nov 2026 03:16 PM (IST)
Updated Date: Sun, 29 Nov 2026 03:19 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੁਜ਼ਾਫ਼ਤ ਵਿਖੇ ਵਿਦਿਆਰਥੀਆਂ ਦੀ ਤਰਕਸ਼ੀਲ ਸੋਚ, ਬੌਧਿਕ ਸਮਰੱਥਾ ਤੇ ਆਤਮ-ਵਿਸ਼ਵਾਸ ਨੂੰ ਨਿਖਾਰਨ ਦੇ ਉਦੇਸ਼ ਨਾਲ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਵਿਸ਼ਾ ‘ਤਕਨਾਲੋਜੀ ਮਨੁੱਖ ਨੂੰ ਆਲਸੀ ਬਣਾ ਰਹੀ ਹੈ’ ਸੀ। ਮੁਕਾਬਲੇ ’ਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਨੇ ਵਿਸ਼ੇ ਦੇ ਹੱਕ ਤੇ ਵਿਰੋਧ ਵਿੱਚ ਆਪਣੇ ਵਿਚਾਰ ਤਰਕਪੂਰਨ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਤਕਨਾਲੋਜੀ ਦੇ ਮਨੁੱਖੀ ਜੀਵਨ ਉੱਤੇ ਪੈ ਰਹੇ ਪ੍ਰਭਾਵਾਂ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ। ਮੁਕਾਬਲੇ ਦੌਰਾਨ ਵਿਦਿਆਰਥੀਆਂ ਦੀ ਵਿਸ਼ੇ ਪ੍ਰਤੀ ਸਮਝ, ਵਿਚਾਰ ਪ੍ਰਗਟਾਉਣ ਦੀ ਕਲਾ ਤੇ ਤਰਕਸ਼ੀਲ ਪਹੁੰਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਇਸ ਮੁਕਾਬਲੇ ਵਿੱਚ ਬਾਰ੍ਹਵੀਂ ਜਮਾਤ (ਕਾਮਰਸ) ਦੀ ਵਿਦਿਆਰਥਣ ਅਸ਼ਮੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਬਾਰ੍ਹਵੀਂ ਜਮਾਤ (ਸਾਇੰਸ) ਦੀ ਵਿਦਿਆਰਥਣ ਗੁਰਦਰਸ਼ਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤੇ ਸਮੂਹ ਅਧਿਆਪਕਾਂ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ, ਤਰਕਸ਼ੀਲ ਸੋਚ, ਮੰਚ ਸੰਚਾਲਨ ਤੇ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਯੋਗਤਾ ਵਿਕਸਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।