- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਸ਼ੂ ਕਰੂਰਤਾ ਦੀ ਸ਼ਰਮਨਾਕ ਘਟਨਾ:ਝੋਟੇ ਨੂੰ ਬੇਰਹਿਮੀ ਨਾਲ ਨਦੀ ’ਚ ਬੰਨ੍ਹਿਆ, 4 ਗ੍ਰਿਫ਼ਤਾਰ

ਅਸ਼ੋਕ ਚੇਤਲ, ਪੰਜਾਬੀ ਜਾਗਰਣ,
ਬੇਲਾ : ਨਜ਼ਦੀਕੀ ਪਿੰਡ ਸੁਰਤਾਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚ ਪਸ਼ੂ ਕਰੂਰਤਾ ਦਾ ਇਕ ਬਹੁਤ ਹੀ ਦਰਦਨਾਕ ਤੇ ਅਣਮਨੁੱਖੀ ਮਾਮਲਾ ਸਾਹਮਣੇ ਆਇਆ ਹੈ। ਪਿੰਡਾਂ ਵੱਲੋਂ ਸਾਂਝੇ ਤੌਰ ’ਤੇ ਛੱਡੇ ਗਏ ਇਕ ਝੋਟੇ ਨੂੰ ਕਥਿਤ ਤੌਰ ’ਤੇ ਬੇਰਹਿਮੀ ਨਾਲ ਕੁੱਟਣ-ਮਾਰਨ ਤੇ ਉਸ ਨੂੰ ਮਰਨ ਲਈ ਬੁੰਧਕੀ ਨਦੀ ਦੇ ਇਕ ਟੋਏ ਵਿਚ ਦਰੱਖਤ ਨਾਲ ਬੰਨ੍ ਦੇਣ ਦੇ ਦੋਸ਼ ਹੇਠ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵੱਡਾ ਸੁਰਤਾਪੁਰ, ਮਾਹਲਾਂ, ਛੋਟਾ ਸੁਰਤਾਪੁਰ, ਝੱਲੀਆਂ, ਚੌਂਤਾ, ਭੈਣੀ ਸਮੇਤ ਕਈ ਪਿੰਡਾਂ ਦੇ ਮੋਹਤਬਰ ਲੋਕਾਂ ਨੇ ਬੇਲਾ ਪੁਲਿਸ ਚੌਂਕੀ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਸ਼ਿਕਾਇਤ ਵਿਚ ਅਰੋਪ ਲਗਾਏ ਹਨ ਕਿ ਕਾਲਾ ਗੁੱਜਰ ਅਤੇ ਉਸ ਦੇ ਪੁੱਤਰਾਂ ਸਦੀਕ, ਸ਼ੰਮੀ ਅਤੇ ਮੁਹੰਮਦ ਨੇ ਪਿੰਡ ਮਾਹਲਾਂ ਵਿਚ ਛੱਡੇ ਇੱਕ ਸਾਂਝੇ ਝੋਟੇ ਦਾ ਮੂੰਹ ਅਤੇ ਲੱਤਾਂ ਪਲਾਸਟਿਕ ਦੀਆਂ ਰੱਸੀਆਂ ਨਾਲ ਬੁਰੀ ਤਰ੍ਹਾਂ ਬੰਨ੍ਹ ਦਿੱਤੀਆਂ ਅਤੇ ਗਲੇ ਵਿਚ ਰੱਸਾ ਘੁੱਟ ਕੇ ਬੰਨ ਦੇਣ ਉਪਰੰਤ ਉਸ ਨੂੰ ਬੁੱਧਕੀ ਨਦੀ ਦੇ ਇੱਕ ਟੋਏ ਵਿਚ ਲਿਜਾ ਕੇ ਦਰਖਤ ਨਾਲ ਬੰਨ੍ਹ ਕੇ ਮਰਨ ਦੇ ਲਈ ਛੱਡ ਦਿੱਤਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਬੇਜ਼ੁਬਾਨ ਜਾਨਵਰ ਲੰਬੇ ਸਮੇਂ ਤੱਕ ਨਦੀ ਵਿਚ ਭੁੱਖਾ-ਪਿਆਸਾ ਬੰਨ੍ਹਿਆ ਰਿਹਾ। ਰੱਸੀਆਂ ਇੰਨੀਆਂ ਘੁੱਟ ਕੇ ਬੰਨ੍ਹੀਆਂ ਹੋਈਆਂ ਸਨ ਕਿ ਉਹ ਉਸ ਦੇ ਸਰੀਰ ਵਿਚ ਧੱਸ ਗਈਆਂ, ਜਿਸ ਕਾਰਨ ਝੋਟੇ ਦੇ ਗੰਭੀਰ ਵੀ ਜ਼ਖਮ ਹੋ ਗਏ ਅਤੇ ਉਨ੍ਹਾਂ ਵਿਚ ਕੀੜੇ ਪੈ ਗਏ। ਇਸ ਦੌਰਾਨ ਨਦੀ ਵਿਚ ਪਸ਼ੂਆਂ ਲਈ ਚਾਰਾ ਲੈਣ ਗਏ ਪਿੰਡ ਵਾਸੀਆਂ ਨੇ ਜਦੋਂ ਝੋਟੇ ਨੂੰ ਇਸ ਤਰਸਯੋਗ ਹਾਲਤ ਵਿਚ ਦੇਖਿਆ, ਤਾਂ ਉਨ੍ਹਾਂ ਤੁਰੰਤ ਉਸ ਨੂੰ ਬੰਧਨਾਂ ਤੋਂ ਮੁਕਤ ਕਰਵਾ ਕੇ ਪਿੰਡ ਲਿਆਂਦਾ। ਇਸ ਤੋਂ ਬਾਅਦ ਪਿੰਡ ਸੁਰਤਾਪੁਰ ਦੀ ਪਸ਼ੂ ਡਿਸਪੈਂਸਰੀ ਵਿਖੇ ਡਾਕਟਰ ਕੋਲੋਂ ਉਸ ਦਾ ਇਲਾਜ ਕਰਵਾਇਆ ਗਿਆ ਅਤੇ ਹਾਲਤ ਸਬੰਧੀ ਮੈਡੀਕਲ ਰਿਪੋਰਟ ਤਿਆਰ ਕਰਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਰਿਵਾਰ ਕੋਲ ਆਪਣੇ ਦੋ ਝੋਟੇ ਹਨ ਅਤੇ ਇਹ ਸਾਂਝਾ ਝੋਟਾ ਅਕਸਰ ਉਨ੍ਹਾਂ ਦੇ ਪਸ਼ੂਆਂ ਨਾਲ ਲੜਦਾ ਰਹਿੰਦਾ ਸੀ। ਇਸੇ ਰੰਜਿਸ਼ ਤਹਿਤ ਉਨ੍ਹਾਂ ਵੱਲੋਂ ਇਸ ਕਰੂਰ ਕਾਰੇ ਨੂੰ ਅੰਜਾਮ ਦਿੱਤਾ ਗਿਆ। ਪਿੰਡ ਵਾਸੀਆਂ ਮੁਤਾਬਕ ਉਹ ਪਹਿਲਾਂ ਵੀ ਕਈ ਵਾਰ ਇਸ ਝੋਟੇ ਨੂੰ ਉਕਤ ਮੁਲਜ਼ਮਾਂ ਦੇ ਚੁੰਗਲ ਵਿੱਚੋਂ ਛੁਡਵਾ ਕੇ ਲਿਆ ਚੁੱਕੇ ਹਨ।
ਇਸ ਘਟਨਾ ਨੂੰ ਲੈ ਕੇ ਇਲਾਕੇ ਦੇ ਲੋਕਾਂ ਅਤੇ ਕਿਸਾਨ ਜਥੇਬੰਦੀ ਦੇ ਆਗੂਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਚੌਂਕੀ ਬੇਲਾ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਬੇਲਾ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰ ਅਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਤਫਤੀਸ਼ ਦੌਰਾਨ ਇਸ ਮਾਮਲੇ ਵਿਚ ਕੋਈ ਹੋਰ ਵੀ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਵੀ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।