ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੂਪਨਗਰ ਪੁਲਿਸ ਵੱਲੋਂ ਪਿੰਡ ਬਹਿਰਾਮਪੁਰ ’ਚ ਕਾਸੋ ਆਪਰੇਸ਼ਨ ਚਲਾਇਆ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੂਪਨਗਰ ਪੁਲਿਸ ਵੱਲੋਂ ਪਿੰਡ ਬਹਿਰਾਮਪੁਰ ਵਿਖੇ ਕਾਸੋ ਅਭਿਆਨ ਚਲਾਇਆ
Publish Date: Mon, 05 Oct 2026 07:02 PM (IST)
Updated Date: Mon, 05 Oct 2026 07:05 PM (IST)
ਨਸ਼ਾ ਤਸਕਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ, ਨਸ਼ਾ ਪ੍ਰਭਾਵਿਤ ਥਾਵਾਂ ਦੀ ਸਫ਼ਾਈ ਤੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਬਹਿਰਾਮਪੁਰ ’ਚ ਕਾਸੋ ਆਪਰੇਸ਼ ਚਲਾਇਆ ਗਿਆ, ਜਿਸ ਦੌਰਾਨ ਨਸ਼ਾ ਤਸਕਰੀ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਦੀ ਜਾਂਚ ਤੇ ਛਾਪੇਮਾਰੀ ਕੀਤੀ ਗਈ। ਇਸ ਮੌਕੇ ਐੱਸਐੱਸਪੀ ਰੂਪਨਗਰ ਮਨਿੰਦਰ ਸਿੰਘ ਨੇ ਦੱਸਿਆ ਕਿ ਰੂਪਨਗਰ ਪੁਲਿਸ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਨਸ਼ਿਆਂ ਦੀ ਤਸਕਰੀ ਜਾਂ ਵਰਤੋਂ ਸਬੰਧੀ ਪੁਲਿਸ ਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ, ਉੱਥੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਉਪ ਮੰਡਲਾਂ ਅਧੀਨ ਅਜਿਹੇ ਅਭਿਆਨ ਨਿਰੰਤਰ ਜਾਰੀ ਰਹਿਣਗੇ। ਐੱਸਐੱਸਪੀ ਰੂਪਨਗਰ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਕਾਰਵਾਈ ਦੇ ਨਾਲ-ਨਾਲ ਰੂਪਨਗਰ ਪੁਲਿਸ ਵੱਲੋਂ ਨਸ਼ਿਆਂ ਦੀ ਵਰਤੋਂ ਵਾਲੀਆਂ ਸੰਭਾਵਿਤ ਥਾਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਬਣਾਉਣ ਲਈ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ। ਜਿੱਥੇ ਕਿਤੇ ਖਾਲੀ ਮਕਾਨਾਂ, ਝਾੜੀਆਂ ਜਾਂ ਹੋਰ ਸੁੰਨੀਆਂ ਥਾਵਾਂ ’ਤੇ ਲੋਕਾਂ ਵੱਲੋਂ ਨਸ਼ਾ ਕਰਨ ਸਬੰਧੀ ਸ਼ਿਕਾਇਤ ਜਾਂ ਜਾਣਕਾਰੀ ਮਿਲਦੀ ਹੈ, ਉੱਥੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਾਰਵਾਈ ਕਰਕੇ ਅਜਿਹੀਆਂ ਥਾਵਾਂ ਨੂੰ ਨਸ਼ਾ ਮੁਕਤ ਅਤੇ ਸੁਰੱਖਿਅਤ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਪੁਲਿਸ ਦੀ ਕਾਰਵਾਈ ਨੂੰ ਲੋਕਾਂ ਦੇ ਸਹਿਯੋਗ ਨਾਲ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਪਿੰਡ, ਵਾਰਡ ਜਾਂ ਆਲੇ-ਦੁਆਲੇ ਦੇ ਖੇਤਰ ਵਿਚ ਨਸ਼ਿਆਂ ਦੀ ਤਸਕਰੀ ਜਾਂ ਨਸ਼ਿਆਂ ਦੀ ਵਰਤੋਂ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਉਹ ਬਿਨਾਂ ਕਿਸੇ ਡਰ ਦੇ ਪੁਲਿਸ ਨਾਲ ਸਾਂਝੀ ਕਰਨ। ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਵੱਲੋਂ ਨਿਯਮਾਂ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰੂਪਨਗਰ ਪੁਲਿਸ ਲਈ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣਾ ਸਭ ਤੋਂ ਅਹਿਮ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਪਹਿਲਾਂ ਕਰਵਾਏ ਗਏ ਵੱਡੇ ਧਾਰਮਿਕ, ਸਮਾਜਿਕ ਅਤੇ ਜਨਤਕ ਸਮਾਗਮਾਂ ਦੌਰਾਨ ਵੀ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਆਉਣ ਵਾਲੇ ਤਿਉਹਾਰਾਂ ਦੇ ਮੌਸਮ ਦੌਰਾਨ ਵੀ ਲੋਕਾਂ ਨੂੰ ਸੁਰੱਖਿਅਤ ਅਤੇ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਰੂਪਨਗਰ ਪੁਲਿਸ ਵੱਲੋਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਜਾਵੇਗੀ ਅਤੇ ਇਸ ਵਿੱਚ ਆਮ ਲੋਕਾਂ ਦੇ ਸਹਿਯੋਗ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਐੱਸਪੀ ਹੈਡਕੁਆਰਟਰ ਹਰਸਿਮਰਤ ਸਿੰਘ ਸ਼ੇਤਰਾ, ਡੀਐੱਸਪੀ ਦੀਪਇੰਦਰ ਸਿੰਘ, ਐੱਸਐੱਚਓ ਸੰਨੀ ਖੰਨਾ ਸਮੇਤ ਪੁਲਿਸ ਵਿਭਾਗ ਦੇ ਮੁਲਾਜ਼ਮ ਮੌਜ਼ੂਦ ਸਨ।