ਗੁਰੂ ਨਗਰੀ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਅਪੀਲ
ਖਾਲਸਾਈ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਸਿੰਗਲ ਯੂਜ਼ ਪਲਾਸਟਿਕ ਮੁਕਤ ਬਣਾਉਣ ਦੀ ਅਪੀਲ
Publish Date: Mon, 23 Feb 2026 05:21 PM (IST)
Updated Date: Mon, 23 Feb 2026 05:25 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਹੇਠ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਰੂਪਨਗਰ ਅਤੇ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਾਂਝੇ ਤੌਰ ’ਤੇ ਹੋਲਾ ਮਹੱਲਾ ਮੌਕੇ ਗੁਰੂ ਨਗਰੀ ਨੂੰ ਸਿੰਗਲ ਯੂਜ਼ ਪਲਾਸਟਿਕ ਮੁਕਤ ਬਣਾਉਣ ਲਈ ਵਿਸ਼ਾਲ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਵਿਪਨ ਜਿੰਦਲ ਐਕਸ਼ਨ, ਸ਼ੁਭਮ ਪੁਰੀ ਐਸ.ਡੀ.ਓ, ਗੁਰਦੀਪ ਸਿੰਘ ਕਾਰਜ ਸਾਧਕ ਅਫਸਰ, ਮੁਕੇਸ਼ ਸ਼ਰਮਾ ਸੈਨੇਟਰੀ ਸੁਪਰਡੈਂਟ, ਮਦਨ ਲਾਲ ਸੈਨੇਟਰੀ ਇੰਸਪੈਕਟਰ, ਐਡਵੋਕੇਟ ਮਨਦੀਪ ਸਿੰਘ ਪ੍ਰੋਗਰਾਮ ਕੋਆਰਡੀਨੇਟਰ ਅਤੇ ਕੈਪਟਨ ਦਲਜੀਤ ਸਿੰਘ ਖਮੇੜਾ ਦੀ ਟੀਮ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨੇੜੇ, ਸਬਜ਼ੀ ਮੰਡੀ, ਸ੍ਰੀ ਗੁਰੂ ਰਵਿਦਾਸ ਚੌਂਕ, ਕਚਹਿਰੀ ਰੋਡ, ਚੋਈ ਬਾਜ਼ਾਰ ਅਤੇ ਨਵੀਂ ਆਬਾਦੀ ਸਮੇਤ ਵੱਖ-ਵੱਖ ਬਾਜ਼ਾਰਾਂ ਵਿਚ ਜਾ ਕੇ ਵਪਾਰੀਆਂ, ਦੁਕਾਨਦਾਰਾਂ, ਰੇਹੜੀ–ਫੜੀ ਅਤੇ ਖੋਖਾ ਮਾਰਕੀਟ ਨਾਲ ਜੁੜੇ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ। ਟੀਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਬਜ਼ੀ ਮੰਡੀ ਤੋਂ ਖਰੀਦਦਾਰੀ ਸਮੇਂ ਕੱਪੜੇ ਜਾਂ ਜੂਟ ਦੇ ਥੈਲੇ ਵਰਤੇ ਜਾਣ ਅਤੇ ਹੋਲਾ ਮਹੱਲਾ ਮੌਕੇ ਬਾਜ਼ਾਰਾਂ ਵਿੱਚੋਂ ਖਿਡੌਣਿਆਂ ਸਮੇਤ ਹੋਰ ਸਮਾਨ ਪਲਾਸਟਿਕ ਦੇ ਲਿਫਾਫਿਆਂ ਵਿਚ ਨਾ ਲਿਆ ਜਾਵੇ। ਸੰਗਤਾਂ ਨੂੰ ਇਹ ਵੀ ਦੱਸਿਆ ਗਿਆ ਕਿ ਪਲਾਸਟਿਕ ਨੂੰ ਨਸ਼ਟ ਹੋਣ ਵਿਚ ਸੈਂਕੜੇ ਸਾਲ ਲੱਗ ਜਾਂਦੇ ਹਨ, ਇਹ ਮਿੱਟੀ, ਦਰਿਆਵਾਂ ਅਤੇ ਪੀਣ ਵਾਲੇ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ ਅਤੇ ਪਲਾਸਟਿਕ ਸਾੜਨ ਨਾਲ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਮਨੁੱਖੀ ਸਿਹਤ ਅਤੇ ਵਾਤਾਵਰਨ ਦੋਹਾਂ ਲਈ ਘਾਤਕ ਹਨ। ਹੋਲਾ ਮਹੱਲਾ ਦੌਰਾਨ ਵਾਤਾਵਰਨ ਸੁਰੱਖਿਆ ਲਈ ਲੋਕਾਂ ਨੂੰ ਕੱਪੜੇ ਜਾਂ ਜੂਟ ਦੇ ਥੈਲੇ ਵਰਤਣ, ਲੰਗਰ ਸਟੀਲ, ਕੱਚ ਜਾਂ ਸੀਰੈਮਿਕ ਦੇ ਬਰਤਨਾਂ ਵਿਚ ਛਕਣ ਅਤੇ ਜੈਵਿਕ ਗਲਣਯੋਗ ਸਮਾਨ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪੱਤਲ, ਪੱਤੇ, ਬਾਂਸ ਅਤੇ ਲੱਕੜੀ ਤੋਂ ਬਣੇ ਬਰਤਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਗਿਆ ਕਿ ਆਓ ਅਸੀਂ ਆਪਣੀ ਮਹਾਨ ਵਿਰਾਸਤ ਦਾ ਜਸ਼ਨ ਮਨਾਉਂਦੇ ਹੋਏ ਆਪਣੇ ਵਾਤਾਵਰਨ ਦੀ ਸਾਂਭ-ਸੰਭਾਲ ਵੀ ਯਕੀਨੀ ਬਣਾਈਏ। ਇਸ ਮੌਕੇ ਪੰਮਾ ਬੇਲਾ ਧਿਆਨੀ, ਪਰਮਜੀਤ ਸੋਨੂੰ, ਰਾਜ ਘਈ ਅਤੇ ਸ਼ਾਮ ਲਾਲ ਕਰੂਰਾ ਹਾਜ਼ਰ ਸਨ।