ਨਵੀਨਤਾ ਨੂੰ ਉਤਸ਼ਾਹਿਤ ਕਰਨ ਦਾ ਅਨੁਰਾਗ ਸਿੰਘ ਠਾਕੁਰ ਵੱਲੋਂ ਸੱਦਾ ਵਿਕਸਿਤ ਭਾਰਤ ਨੂੰ ਨੌਜਵਾਨਾਂ ਦੀ ਅਗਵਾਈ ਹੇਠ ਨਵੀਨਤਾ ਨੂੰ ਉਤਸ਼ਾਹਿਤ ਕਰਨ ਦਾ ਅਨੁਰਾਗ ਸਿੰਘ ਠਾਕੁਰ ਵੱਲੋਂ ਸੱਦਾ
Publish Date: Wed, 04 Nov 2026 05:22 PM (IST)
Updated Date: Wed, 04 Nov 2026 05:23 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਭਾਰਤੀ ਤਕਨਾਲੋਜੀ ਸੰਸਥਾਨ ਰੋਪੜ ਵੱਲੋਂ ਇਨੋਪ੍ਰੀਨਿਓਰ 2026 ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ’ਚ ਨੀਤੀ ਨਿਰਮਾਤਾਵਾਂ, ਉਦਯੋਗ ਜਗਤ ਦੇ ਪ੍ਰਮੁੱਖ ਨੁਮਾਇੰਦਿਆਂ, ਨਿਵੇਸ਼ਕਾਂ, ਖੋਜਕਰਤਾਵਾਂ, ਉੱਦਮੀਆਂ ਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦਾ ਉਦੇਸ਼ ਭਾਰਤ ਦੇ ਨਵੀਨਤਾ ਤੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਸੀ। ਇਸ ਮੌਕੇ ਲੋਕ ਸਭਾ ਮੈਂਬਰ ਅਨੁਰਾਗ ਸਿੰਘ ਠਾਕੁਰ ਮੁੱਖ ਮਹਿਮਾਨ ਵਜੋਂ ਤੇ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਡਾ. ਪਾਠਕ, ਫੈਕਲਟੀ ਇੰਚਾਰਜ, ਆਈਆਈਟੀ ਰੋਪੜ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ ਫਾਊਂਡੇਸ਼ਨ ਤੇ ਡਾ. ਸੂਰਿਆ ਕਾਂਤ ਸਹਦੇਵ, ਐਸੋਸੀਏਟ ਡੀਨ, ਹੋਸਟਲ ਪ੍ਰਬੰਧਨ ਵੀ ਮੌਜੂਦ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਅਨੁਰਾਗ ਸਿੰਘ ਠਾਕੁਰ ਨੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਆਈਆਈਟੀ ਰੋਪੜ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਨਵੀਨਤਾਕਾਰ, ਸਮੱਸਿਆਵਾਂ ਦੇ ਹੱਲ ਲੱਭਣ ਵਾਲੇ ਤੇ ਰੋਜ਼ਗਾਰ ਪੈਦਾ ਕਰਨ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ, ਡੀਪਟੈਕ, ਉੱਨਤ ਨਿਰਮਾਣ, ਸਿਹਤ ਸੇਵਾਵਾਂ, ਖੇਤੀਬਾੜੀ, ਸਵੱਛ ਊਰਜਾ ਤੇ ਜਲ ਤਕਨਾਲੋਜੀ ਵਰਗੇ ਉੱਭਰ ਰਹੇ ਖੇਤਰਾਂ ’ਚ ਮੌਜੂਦ ਮੌਕਿਆਂ ਬਾਰੇ ਚਾਨਣਾ ਪਾਇਆ ਤੇ ਵਿਕਸਿਤ ਭਾਰਤ 2047 ਦੇ ਟੀਚੇ ਦੀ ਪ੍ਰਾਪਤੀ ਲਈ ਸਵਦੇਸ਼ੀ ਨਵੀਨਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪ੍ਰੋ. ਰਾਜੀਵ ਆਹੂਜਾ ਨੇ ਬਹੁ-ਵਿਸ਼ਾਗਤ ਖੋਜ ਨੂੰ ਉਤਸ਼ਾਹਿਤ ਕਰਨ, ਨਵੀਨਤਾ ਦੀ ਸੰਸਕ੍ਰਿਤੀ ਨੂੰ ਪ੍ਰਫੁੱਲਤ ਕਰਨ ਤੇ ਉਦਯੋਗ ਤੇ ਅਕਾਦਮਿਕ ਸੰਸਥਾਵਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਪ੍ਰਤੀ ਆਈਆਈਟੀ ਰੋਪੜ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਖੋਜ ਤੇ ਤਕਨੀਕੀ ਤਰੱਕੀ ਨੂੰ ਵਿਹਾਰਕ ਹੱਲਾਂ, ਸਵਦੇਸ਼ੀ ਤਕਨਾਲੋਜੀਆਂ ਤੇ ਸਫਲ ਉੱਦਮਾਂ ’ਚ ਬਦਲਣ ਦੀ ਮਹੱਤਤਾ ਤੇ ਜ਼ੋਰ ਦਿੱਤਾ। ਡਾ. ਪਾਠਕ ਨੇ ਸਟਾਰਟਅੱਪਸ ਦੇ ਨਵੀਨਤਮ ਵਿਚਾਰਾਂ ਨੂੰ ਸਫਲ ਕਾਰੋਬਾਰਾਂ ’ਚ ਬਦਲਣ ਲਈ ਮਾਰਗਦਰਸ਼ਨ, ਸੰਸਥਾਗਤ ਸਹਾਇਤਾ ਤੇ ਉਦਯੋਗ ਤੇ ਨਿਵੇਸ਼ਕਾਂ ਨਾਲ ਮਜ਼ਬੂਤ ਸੰਪਰਕ ਦੀ ਭੂਮਿਕਾ ਨੂੰ ਉਜਾਗਰ ਕੀਤਾ। ਆਈਆਈਟੀ ਰੋਪੜ ਦੇ ਸਟਾਰਟਅੱਪ ਈਕੋਸਿਸਟਮ ਅਧੀਨ ਹੁਣ ਤੱਕ 600 ਤੋਂ ਵੱਧ ਸਟਾਰਟਅੱਪਸ ਨੂੰ ਇਨਕਿਊਬੇਟ ਕੀਤਾ ਜਾ ਚੁੱਕਾ ਹੈ ਤੇ ਉਨ੍ਹਾਂ ਨੂੰ 21 ਕਰੋੜ ਰੁਪਏ ਤੋਂ ਵੱਧ ਦੀ ਅੰਦਰੂਨੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਸੰਸਥਾਨ ਦੇ ਸਟਾਰਟਅੱਪਸ ਨੇ 404 ਕਰੋੜ ਰੁਪਏ ਤੋਂ ਵੱਧ ਦਾ ਬਾਹਰੀ ਨਿਵੇਸ਼ ਪ੍ਰਾਪਤ ਕੀਤਾ ਹੈ ਤੇ ਉਨ੍ਹਾਂ ਦੇ ਸਾਂਝੇ ਪੋਰਟਫੋਲੀਓ ਦੀ ਕੀਮਤ 3,070 ਕਰੋੜ ਰੁਪਏ ਤੋਂ ਵੱਧ ਹੈ। ਇਸ ਤੋਂ ਇਲਾਵਾ, ਸੰਸਥਾਨ ਵੱਲੋਂ ਬੌਧਿਕ ਸੰਪਤੀ ਨਾਲ ਸਬੰਧਤ 525 ਤੋਂ ਵੱਧ ਅਰਜ਼ੀਆਂ ਵੀ ਦਾਇਰ ਕੀਤੀਆਂ ਗਈਆਂ ਹਨ, ਜੋ ਖੋਜ, ਨਵੀਨਤਾ ਤੇ ਉੱਦਮਤਾ ਦੇ ਖੇਤਰ ’ਚ ਸੰਸਥਾਨ ਦੇ ਵਧਦੇ ਯੋਗਦਾਨ ਨੂੰ ਦਰਸਾਉਂਦੀਆਂ ਹਨ। ਸਮਾਗਮ ਦਾ ਇੱਕ ਮੁੱਖ ਆਕਰਸ਼ਣ ਸਟਾਰਟਅੱਪ ਪ੍ਰਦਰਸ਼ਨੀ ਰਹੀ, ਜਿਸ ’ਚ ਉੱਭਰ ਰਹੇ ਉੱਦਮਾਂ ਨੇ ਆਪਣੀਆਂ ਤਕਨਾਲੋਜੀਆਂ, ਉਤਪਾਦਾਂ ਤੇ ਕਾਰੋਬਾਰੀ ਮਾਡਲਾਂ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨੀ ਨੇ ਸਟਾਰਟਅੱਪਸ ਨੂੰ ਨਿਵੇਸ਼ਕਾਂ, ਉਦਯੋਗਿਕ ਨੁਮਾਇੰਦਿਆਂ, ਖੋਜਕਰਤਾਵਾਂ ਤੇ ਸੰਭਾਵੀ ਸਹਿਯੋਗੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੇ ਸੰਪਰਕ ਸਥਾਪਤ ਕਰਨ ਦਾ ਮੌਕਾ ਪ੍ਰਦਾਨ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਤੇ ਭਵਿੱਖ ਦੇ ਉੱਦਮੀਆਂ ਨੂੰ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਸਟਾਰਟਅੱਪ ਖੇਤਰ ਬਾਰੇ ਜਾਣਨ ਦਾ ਮੌਕਾ ਮਿਲਿਆ।