- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੰਗਲ ਦੇ ਪਿੰਡ ਨੰਗਲੀ 'ਚ ਸੱਪ ਦੇ ਡੰਗਣ ਦਾ ਇੱਕ ਹੋਰ ਖ਼ੌਫ਼ਨਾਕ ਮਾਮਲਾ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਨੰਗਲ ਦੇ ਨਜ਼ਦੀਕੀ ਪਿੰਡ ਨੰਗਲੀ ’ਚ ਸੱਪ ਦੇ ਡੰਗਣ ਦਾ ਇੱਕ ਹੋਰ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਗੋਲਡੀ ਨਾਮੀ ਨੌਜਵਾਨ ਨੂੰ ਘਰ ’ਚ ਹੀ ਜ਼ਹਿਰੀਲੇ ਸੱਪ ਨੇ ਡੰਗ ਲਿਆ। ਘਟਨਾ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰਾਂ ਨੇ ਬਿਨ੍ਹਾਂ ਕੋਈ ਦੇਰੀ ਕੀਤੇ ਉਸ ਨੂੰ ਨਜ਼ਦੀਕੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿੱਥੇ ਮੌਕੇ 'ਤੇ ਹੀ ਤੁਰੰਤ ਇਲਾਜ ਸ਼ੁਰੂ ਹੋਣ ਕਾਰਨ ਨੌਜਵਾਨ ਦੀ ਜਾਨ ਬਚ ਗਈ।
ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਗੋਲਡੀ ਨੇ ਦੱਸਿਆ ਕਿ ਉਸਨੂੰ ਪੈਰ ’ਤੇ ਕਿਸੇ ਚੀਜ਼ ਦੇ ਕੱਟਣ ਅਤੇ ਜਲਣ ਮਹਿਸੂਸ ਹੋਈ। ਜਦੋਂ ਉਸਨੇ ਧਿਆਨ ਨਾਲ ਦੇਖਿਆ ਤਾਂ ਉੱਥੇ ਇੱਕ ‘ਕਾਮਨ ਕਰੈਤ’ ਪ੍ਰਜਾਤੀ ਦੇ ਸੱਪ ਦਾ ਬੱਚਾ ਸੀ। ਉਨ੍ਹਾਂ ਵੱਲੋਂ ਤੁਰੰਤ ਸੱਪ ਦਾ ਰੈਸਕਿਊ ਕਰ ਲਿਆ ਗਿਆ ਅਤੇ ਉਹ ਤੁਰੰਤ ਹਸਪਤਾਲ ਪਹੁੰਚ ਗਏ। ਡਾਕਟਰਾਂ ਅਨੁਸਾਰ ਫਿਲਹਾਲ ਮਰੀਜ਼ ਨੂੰ ਆਈਸੀਯੂ ’ਚ ਸ਼ਿਫਟ ਕੀਤਾ ਗਿਆ ਹੈ, ਉਸਦੀ ਹਾਲਤ ਸਥਿਰ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ।
ਦੱਸਣਯੋਗ ਹੈ ਕਿ ਪਿੰਡ ਨੰਗਲੀ ’ਚ ਪਿਛਲੇ ਇੱਕ ਮਹੀਨੇ ਦੇ ਅੰਦਰ-ਅੰਦਰ ਸੱਪ ਡੰਗਣ ਦਾ ਇਹ ਤੀਜਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਲਾਕੇ ’ਚ ਫੌਗਿੰਗ ਅਤੇ ਦਵਾਈਆਂ ਦਾ ਛਿੜਕਾਅ ਕਰਵਾਇਆ ਜਾਵੇ ਅਤੇ ਨੇੜਲੇ ਸਰਕਾਰੀ ਹਸਪਤਾਲਾਂ ’ਚ ਸੱਪ ਦੇ ਕੱਟਣ ਦੀਆਂ ਦਵਾਈਆਂ ਦੇ ਪੁਖ਼ਤਾ ਪ੍ਰਬੰਧ ਹਮੇਸ਼ਾ ਤਿਆਰ ਰੱਖੇ ਜਾਣ।