ਚਿੱਟਾ ਤਸਕਰੀ ਮਾਮਲੇ ’ਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ ਬੈਕਵਰਡ ਲਿੰਕਜ ਜਾਂਚ ਦੌਰਾਨ ਚਿੱਟਾ ਤਸਕਰੀ ਮਾਮਲੇ ਵਿੱਚ ਪੰਜਾਬ ਤੋਂ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ
Publish Date: Sun, 01 Nov 2026 04:49 PM (IST)
Updated Date: Sun, 01 Nov 2026 04:50 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸਰਹੱਦੀ ਇਲਾਕੇ ’ਚ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਸਾਰਥਿਕ ਪਰਿਣਾਮ ਨਜ਼ਰ ਆ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਬਿਲਾਸਪੁਰ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਐੱਨਡੀਪੀਐੱਸ ਐਕਟ ਦੇ ਇੱਕ ਮਾਮਲੇ ’ਚ ਬੈਕਵਰਡ ਲਿੰਕਜ ਦੀ ਜਾਂਚ ਕਰਦਿਆਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣ ਯੋਗ ਹੈ ਕਿ 28 ਅਕਤੂਬਰ 2026 ਨੂੰ ਥਾਣਾ ਸਵਾਰਘਾਟ ’ਚ ਦਰਜ ਮਾਮਲਾ ਨੰਬਰ 87/2026 ਤਹਿਤ ਪੁਲਿਸ ਨੇ ਹਿਤੇਂਦਰ ਉਮਰ 34 ਸਾਲ , ਵਾਸੀ ਪਿੰਡ ਸਾਂਡਲਾ, ਜ਼ਿਲ੍ਹਾ ਮੰਡੀ (ਹਿਮਾਚਲ ਪ੍ਰਦੇਸ਼) ਕੋਲੋਂ 7.23 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਕੀਤਾ ਸੀ। ਪੁਲਿਸ ਟੀਮ ਵੱਲੋਂ ਕਥਿਤ ਨੌਜਵਾਨ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਸੀ ਤੇ ਪੁਲਿਸ ਟੀਮ ਨੇ ਰਿਮਾਂਡ ਦੌਰਾਨ ਫੜੇ ਗਏ ਨੌਜਵਾਨ ਤੋਂ ਗਹਿਰਾਈ ਨਾਲ ਪੁੱਛ ਪੜਤਾਲ ਕੀਤੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਹਿਤੇਂਦਰ ਇਹ ਚਿੱਟਾ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ’ਚ ਰਹਿਣ ਵਾਲੇ ਅਨਿਲ ਕੁਮਾਰ ਤੋਂ ਖਰੀਦਦਾ ਸੀ। ਅਨਿਲ ਕੁਮਾਰ ਪਿਛਲੇ ਕਰੀਬ ਡੇਢ ਸਾਲ ਤੋਂ ਖਰੜ ’ਚ ਰਹਿ ਕੇ ਚਿੱਟੇ ਦੀ ਗੈਰ-ਕਾਨੂੰਨੀ ਤਸਕਰੀ ਕਰ ਰਿਹਾ ਸੀ।ਪੁਲਿਸ ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਹਿਤੇਂਦਰ ਪਹਿਲਾਂ ਵੀ ਅਨਿਲ ਕੁਮਾਰ ਤੋਂ ਚਿੱਟਾ ਖਰੀਦਦਾ ਰਿਹਾ ਹੈ। ਅਗਲੇ ਪਿਛਲੇ ਲਿੰਕ ਖੰਗਾਲਣ ਅਤੇ ਪੈਸੇ ਦੇ ਅਦਾਨ ਪ੍ਰਦਾਨ ਦੇ ਆਧਾਰ ’ਤੇ ਪੁਲਿਸ ਨੇ ਅਨਿਲ ਕੁਮਾਰ ਪੁੱਤਰ ਜਗਜੀਤ ਸਿੰਘ , ਵਾਸੀ ਪਿੰਡ ਬਧੇੜ, ਤਹਿਸੀਲ ਜੋਗਿੰਦਰ ਨਗਰ, ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ’ਚ ਦੋਵੇਂ ਨੌਜਵਾਨਾਂ ਤੋਂ ਗਹਿਰਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਆਪਸੀ ਕੜੀਆਂ ਜੋੜਦੀ ਹੋਈ ਹੋਰ ਮੁਲਜਮਾਂ ਤੱਕ ਪਹੁੰਚਣ ਲਈ ਅਗਲੀ ਜਾਂਚ ਕਰ ਰਹੀ ਹੈ। ਇਸ ਮਾਮਲੇ ’ਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।