ਖਾਲਸਾ ਮਾਡਲ ਸਕੂਲ ਵਿਖੇ ਕਰਵਾਇਆ ਗਿਆ ਸਾਲਾਨਾ ਸਮਾਰੋਹ ਖਾਲਸਾ ਮਾਡਲ ਸਕੂਲ ਰੂਪਨਗਰ ਵਿਖੇ ਕਰਵਾਇਆ ਗਿਆ ਸਲਾਨਾ ਸਮਾਰੋਹ
Publish Date: Thu, 22 Oct 2026 05:33 PM (IST)
Updated Date: Thu, 22 Oct 2026 05:33 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਅੰਬਾਲਾ ਬੋਰਡ ਆਫ ਐਜੂਕੇਸ਼ਨ ਅਧੀਨ ਅਤੇ ਸਾਬਕਾ ਸਪੀਕਰ ਰਵਇੰਦਰ ਸਿੰਘ ਦੁਮਣਾ ਦੀ ਰਹਿਨੁਮਾਈ ਹੇਠ ਚੱਲ ਰਹੇ ਖਾਲਸਾ ਮਾਡਲ ਸਕੂਲ ਰੂਪਨਗਰ ਵੱਲੋਂ ਵੀਰਵਾਰ ਨੂੰ ਸਾਲਾਨਾ ਸਮਾਰੋਹ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਸਮਾਰੋਹ ’ਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰੂਪਨਗਰ ਸ਼ਮਸ਼ੇਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੀ ਮੁੱਖ ਅਧਿਆਪਕ ਗੁਰਪ੍ਰੀਤ ਕੌਰ ਵੱਲੋਂ ਮੁੱਖ ਮਹਿਮਾਨ ਅਤੇ ਮਾਪਿਆਂ ਨੂੰ ਜੀ ਆਇਆ ਕਿਹਾ ਗਿਆ। ਸਮਾਰੋਹ ਦੀ ਸ਼ੁਰੂਆਤ ਸ਼ਬਦਾਂ ਗਾਇਨ ਨਾਲ ਹੋਈ ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਲਗਭਗ 21 ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਜਿਨਾਂ ’ਚ ਬੱਚਿਆਂ ਨੇ ਮਾਂ ਬਾਪ ਦਾ ਪਿਆਰਾ ਰਿਸ਼ਤਾ ,ਪੰਜਾਬ ਦੀ ਸੱਭਿਆਚਾਰਿਕ ਵਿਰਾਸਤ, ਨੈਤਿਕ ਸਿੱਖਿਆ, ਦੇਸ਼ ਭਗਤੀ ,ਪਲਾਸਟਿਕ ਦੀ ਦੁਰਵਰਤੋਂ ਵਰਗੇ ਵਿਸ਼ਿਆਂ ਤੇ ਸੋਚ ਪ੍ਰੇਰਕ ਪੇਸ਼ਕਾਰੀਆਂ ਨਾਲ ਆਏ ਹੋਏ ਮਹਿਮਾਨਾਂ ਦਾ ਦਿਲ ਜਿੱਤ ਲਿਆ। ਮੁੱਖ ਮਹਿਮਾਨ ਸ਼ਮਸ਼ੇਰ ਸਿੰਘ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 200 ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚੋਂ 100 ਫੀਸਦੀ ਹਾਜ਼ਰੀ, ਸਭ ਤੋਂ ਵੱਧ ਅਨੁਸ਼ਾਸਨ ,ਸਹੀ ਪਹਿਰਾਵਾ ਅਤੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ ਖੇਡਾਂ ਤੇ ਸੱਭਿਆਚਾਰਿਕ ਗਤੀਵਿਧੀਆਂ ਵਿਦਿਆਰਥੀਆਂ ਦੇ ਵਿਅਕਤੀਗਤ ਨਿਰਮਾਣ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ। ਇਸ ਮੌਕੇ ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਦੱਸਿਆ ਕਿ ਇਹ ਸਮਾਰੋਹ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਦੇ ਨਾਲ-ਨਾਲ ਉਨ੍ਹਾਂ ’ਚ ਆਤਮ-ਵਿਸ਼ਵਾਸ, ਸਹਿਯੋਗ, ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਮੁੱਖ ਮਹਿਮਾਨ ,ਮਹਿਮਾਨਾਂ ਤੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਗੋਪਾਲ ਕ੍ਰਿਸ਼ਨ ਜ਼ਿਲ੍ਹਾ ਸਪੈਸ਼ਲ ਐਜੂਕੇਟਰ, ਰਣਜੀਤ ਕੌਰ, ਜਸਪ੍ਰੀਤ ਕੌਰ, ਰਵੀਨਾ, ਨਿਰਲੇਪ ਕੌਰ, ਫੁੱਟਬਾਲ ਕੋਚ ਸਰਬਜੀਤ ਸਿੰਘ, ਕਬੱਡੀ ਕੋਚ ਰਸ਼ੀਦ , ਗੱਤਕਾ ਕੋਚ ਤਰਨਜੀਤ ਸਿੰਘ , ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।