ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਸ਼ਨੀਵਾਰ ਤੋਂ ਅਣਮਿੱਥਾ ਚੱਕਾ ਜਾਮ ਦਾ ਐਲਾਨ
ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਪੰਜਾਬ ‘ਚ ਭੜਕਿਆ ਗੁੱਸਾ, ਸ਼ਨੀਵਾਰ ਤੋਂ ਅਣਮਿੱਥਾ ਚੱਕਾ ਜਾਮ ਦਾ ਐਲਾਨ
Publish Date: Thu, 02 Apr 2026 05:48 PM (IST)
Updated Date: Thu, 02 Apr 2026 05:49 PM (IST)

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਪੰਜਾਬ ਦੇ ਹੱਕ ਵਿਚ ਲਵਾਂਗੇ ਜਲਦ ਫੈਸਲਾ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਪੰਜਾਬ ਵਿਚ ਹਿਮਾਚਲ ਪ੍ਰਦੇਸ਼ ਵੱਲੋਂ ਲਗਾਏ ਗਏ ਐਂਟਰੀ ਟੈਕਸ ਨੂੰ ਲੈ ਕੇ ਹਾਲਾਤ ਦਿਨੋਂ-ਦਿਨ ਤਣਾਅਪੂਰਨ ਬਣਦੇ ਜਾ ਰਹੇ ਹਨ। ਪੰਜਾਬ-ਹਿਮਾਚਲ ਬਾਰਡਰ ‘ਤੇ ਬਣੇ ਹੰਗਾਮੀ ਮਾਹੌਲ ਦੇ ਮੱਦੇਨਜ਼ਰ ਵੱਖ-ਵੱਖ ਜਥੇਬੰਦੀਆਂ ਟੈਕਸੀ ਯੂਨੀਅਨ, ਟਰੱਕ ਯੂਨੀਅਨ ਅਤੇ ਕਿਸਾਨ ਯੂਨੀਅਨਾਂ ਵੱਲੋਂ ਸ਼ਨੀਵਾਰ ਸਵੇਰੇ 9 ਵਜੇ ਤੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਘਰਸ਼ਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਸ਼ੁੱਕਰਵਾਰ ਸ਼ਾਮ ਤੱਕ ਪੰਜਾਬ ਸਰਕਾਰ ਵੱਲੋਂ ਰੈਸੀਪਰੋਕਲ ਟੈਕਸ ਲਾਗੂ ਨਹੀਂ ਕੀਤਾ ਜਾਂਦਾ ਜਾਂ ਹਿਮਾਚਲ ਸਰਕਾਰ ਪੰਜਾਬ ਨਾਲ ਲੱਗਦੇ ਸਰਹੱਦੀ ਜ਼ਿਲ੍ਹਿਆਂ ਰੂਪਨਗਰ, ਮੋਹਾਲੀ, ਹੁਸ਼ਿਆਰਪੁਰ, ਪਠਾਣਕੋਟ ਆਦਿ ਨੂੰ ਐਂਟਰੀ ਟੈਕਸ ਤੋਂ ਮੁਕਤ ਨਹੀਂ ਕਰਦੀ, ਤਾਂ ਕੀਰਤਪੁਰ ਸਾਹਿਬ ਮਨਾਲੀ ਨੈਸ਼ਨਲ ਹਾਈਵੇ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਪੰਜਾਬ-ਹਿਮਾਚਲ ਸਰਹੱਦ ‘ਤੇ ਮੌਜੂਦ ਕਰੀਬ 33 ਐਂਟਰੀ ਪੁਆਇੰਟਾਂ ‘ਤੇ ਇਸ ਸਮੇਂ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਸੰਘਰਸ਼ਕਾਰੀਆਂ ਦਾ ਦਾਅਵਾ ਹੈ ਕਿ ਹਿਮਾਚਲ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਟੈਕਸ ਵਸੂਲਿਆ ਜਾ ਰਿਹਾ ਹੈ, ਜੋ ਕਿ ਲੋਕਾਂ ਨਾਲ ਸਿੱਧੀ ਲੁੱਟ ਦੇ ਬਰਾਬਰ ਹੈ। ਇਸ ਕਾਰਨ ਟੋਲ ਪਲਾਜਿਆਂ ‘ਤੇ ਵੀ ਵਾਰ-ਵਾਰ ਤਕਰਾਰ ਅਤੇ ਗਰਮਾਹਟ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੈਬਨਿਟ ਮੰਤਰੀ ਹਰਜੋਤ ਬੈਂਸ ਨਾਲ ਹੋਈ ਮੀਟਿੰਗ ਇਸ ਗੰਭੀਰ ਮਸਲੇ ਨੂੰ ਲੈ ਕੇ ਅੱਜ ਸੰਘਰਸ਼ਕਾਰੀਆਂ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਆਗੂਆਂ ਨੇ ਮੰਤਰੀ ਅੱਗੇ ਸਾਫ਼ ਮੰਗ ਰੱਖੀ ਕਿ ਜਾਂ ਤਾਂ ਹਿਮਾਚਲ ਸਰਕਾਰ ਨਾਲ ਗੱਲਬਾਤ ਕਰਕੇ ਇਹ ਟੈਕਸ ਰੱਦ ਕਰਵਾਇਆ ਜਾਵੇ ਜਾਂ ਫਿਰ ਪੰਜਾਬ ਵਿਚ ਤੁਰੰਤ ਰੈਸੀਪਰੋਕਲ ਟੈਕਸ ਲਾਗੂ ਕੀਤਾ ਜਾਵੇ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਲਗਾਇਆ ਗਿਆ ਐਂਟਰੀ ਟੈਕਸ ਗੈਰ-ਵਾਜਬ ਹੈ ਅਤੇ ਪੰਜਾਬ ਸਰਕਾਰ ਆਪਣੇ ਸੂਬੇ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਲੋਕਾਂ ਦੇ ਹੱਕ ਵਿਚ ਫੈਸਲਾ ਲਿਆ ਜਾਵੇਗਾ। ਸੰਘਰਸ਼ਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੋਵੇਂ ਸਰਕਾਰਾਂ ਵੱਲੋਂ ਸਮੇਂ ਸਿਰ ਕੋਈ ਢੁੱਕਵਾਂ ਕਦਮ ਨਾ ਚੁੱਕਿਆ ਗਿਆ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ, ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ, ਆਜ਼ਾਦ ਟੈਕਸੀ ਯੂਨੀਅਨ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਕਮਲਜੀਤ ਸਿੰਘ, ਹਰਪ੍ਰੀਤ ਸਿੰਘ ਭੱਟੋ, ਬਾਪੂ ਮੁਖਤਿਆਰ ਸਿੰਘ ਮਾਲਾ, ਦਰਸ਼ਨ ਸਿੰਘ, ਕਸ਼ਮੀਰ ਸਿੰਘ ਨੰਗਲੀ, ਪਰਮਜੀਤ ਸਿੰਘ ਬੱਬੀ, ਹਰਦੀਪ ਸਿੰਘ ਸਮੇਤ ਕਈ ਹੋਰ ਆਗੂ ਮੌਜੂਦ ਸਨ।