ਭਰਤਗੜ੍ਹ ‘ਚ 2 ਘੰਟੇ ਦੇ ਚੱਕਾ ਜਾਮ ਐਲਾਨ, ਇਕ ਤੋਂ ਪੱਕਾ ਧਰਨਾ
ਹਿਮਾਚਲ ਐਂਟਰੀ ਟੈਕਸ ਵਿਰੁੱਧ ਪੰਜਾਬ ‘ਚ ਭੜਕਿਆ ਗੁੱਸਾ
Publish Date: Sat, 28 Mar 2026 05:47 PM (IST)
Updated Date: Sat, 28 Mar 2026 05:47 PM (IST)

ਹੱਲ ਨਾ ਨਿਕਲਿਆ ਤਾਂ ਹਿਮਾਚਲ ਦੀ ਪੰਜਾਬ ’ਚ ਐਂਟਰੀ ਤੇ ਰੋਕ ਵਰਗੇ ਸਖ਼ਤ ਕਦਮ ਚੁੱਕੇ ਜਾਣਗੇ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ: ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ 1 ਅਪ੍ਰੈਲ ਤੋਂ ਸਟੇਟ ਐਂਟਰੀ ਟੈਕਸ ਵਿਚ 70 ਤੋਂ 100 ਫੀਸਦੀ ਤੱਕ ਕੀਤੇ ਜਾ ਰਹੇ ਵਾਧੇ ਦੇ ਖ਼ਿਲਾਫ਼ ਪੰਜਾਬ ਭਰ ਵਿਚ ਰੋਸ਼ ਲਗਾਤਾਰ ਤੀਬਰ ਹੁੰਦਾ ਜਾ ਰਿਹਾ ਹੈ। ਇਸੇ ਸਿਲਸਿਲੇ ਵਿਚ ਭਰਤਗੜ੍ਹ ਖੇਤਰ ਦੇ ਨਿਵਾਸੀਆਂ ਅਤੇ ਵੱਖ-ਵੱਖ ਸੰਘਰਸ਼ੀ ਜਥੇਬੰਦੀਆਂ ਵੱਲੋਂ ਅੱਜ 29 ਮਾਰਚ ਐਤਵਾਰ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਦੋ ਮੁੱਖ ਰਾਹਾਂ ‘ਤੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਇਕ ਅਪ੍ਰੈਲ ਤੋਂ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿਚ ਪੱਕੇ ਤੌਰ ’ਤੇ ਰੋਸ ਪ੍ਰਦਰਸ਼ਨ ਧਰਨੇ ਦਿੱਤੇ ਜਾ ਰਹੇ ਹਨ। ਇਸ ਦੌਰਾਨ ਭਰਤਗੜ੍ਹ-ਪੰਜੇਹਰਾ ਰੋਡ ਅਤੇ ਭਰਤਗੜ੍ਹ-ਦਬੋਟਾ ਨਾਲਾਗੜ੍ਹ ਰੋਡ ਨੂੰ ਦੋ ਘੰਟਿਆਂ ਲਈ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਇਹ ਦੋਵੇਂ ਰਾਹ ਪੰਜਾਬ ਅਤੇ ਹਿਮਾਚਲ ਨੂੰ ਜੋੜਦੇ ਮਹੱਤਵਪੂਰਨ ਪੁਆਇੰਟ ਮੰਨੇ ਜਾਂਦੇ ਹਨ। ਇਸ ਦੌਰਾਨ ਗੌਰਵ ਰਾਣਾ ਨੇ ਬੋਲਦਿਆਂ ਕਿਹਾ ਕੀ ਮੁਗਲਾਂ ਦੇ ਸਮੇਂ ਧਾਰਮਿਕ ਸਥਾਨਾਂ ਲਈ ਜਜੀਆ ਟੈਕਸ ਲਗਾਏ ਗਏ ਸਨ ਇਸ ਤਰ੍ਹਾਂ ਹੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਇਹ ਵੀ ਜਜੀਆ ਟੈਕਸ ਲਗਾਇਆ ਜਾ ਰਿਹਾ ਹੈ, ਸਰਹੱਦੀ ਇਲਾਕਿਆਂ ਦੇ ਲੋਕਾਂ ਦੀਆਂ ਰਿਸ਼ਤੇਦਾਰੀਆਂ ਵਿਉਪਾਰ ਹਿਮਾਚਲ ਪ੍ਰਦੇਸ਼ ਵਿਚ ਹਨ, ਜਿੱਥੇ ਲੋਕਾਂ ਨੂੰ ਰੋਜਾਨਾ ਆਉਣਾ ਜਾਣਾ ਪੈਂਦਾ ਹੈ ਜਿਆਦਾਤਰ ਧਾਰਮਿਕ ਸਥਾਨ ਜਿਵੇਂ ਮਾਤਾ ਨੈਣਾ ਦੇਵੀ, ਚਿੰਤਪੁਰਨੀ, ਜਵਾਲਾ ਜੀ, ਬਾਬਾ ਬਾਲਕ ਨਾਥ, ਗੁਰਦੁਆਰਾ ਮਨੀਕਰਨ ਸਾਹਿਬ, ਲੱਖ ਦਾਤਾ ਪੀਰ, ਬਾਬਾ ਵਡਭਾਗ ਸਿੰਘ ਆਦਿ ਸਥਾਨਾਂ ਤੇ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਵਿਚ ਦਾਖਲ ਹੋਣ ਲਈ ਮੋਟਾ ਟੈਕਸ ਅਦਾ ਕਰਨਾ ਪੈਂਦਾ ਹੈ। ਜੇਕਰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਸ ਬਾਰੇ ਨਾ ਸੋਚਿਆ ਤਾਂ ਪੰਜਾਬ ਵਿਚ ਵੱਡਾ ਸੰਘਰਸ਼ ਕੀਤਾ ਜਾਵੇਗਾ। ਸਰਹੱਦੀ ਇਲਾਕੇ ਦੇ ਲੋਕਾਂ ਨੂੰ ਜੇਕਰ ਹਿਮਾਚਲ ਪ੍ਰਦੇਸ਼ ਵਿਚ ਜਾਣਾ ਪੈਂਦਾ ਹੈ ਤਾਂ ਉਹਨਾਂ ਦਾ ਪੈਟਰੋਲ ਡੀਜ਼ਲ ਤਾਂ 50 ਰੁਪਏ ਦਾ ਲੱਗਦਾ ਹੈ, ਪਰ ਉਹਨਾਂ ਨੂੰ 170 ਪ੍ਰਵੇਸ਼ ਕਰਨ ਦੇ ਲੱਗ ਜਾਣਗੇ। ਸੰਘਰਸ਼ੀ ਆਗੂਆਂ, ਜਿਨ੍ਹਾਂ ਵਿਚ ਪੰਜਾਬ ਮੋਰਚਿਆਂ ਦੇ ਕਨਵੀਨਰ ਗੌਰਵ ਰਾਣਾ, ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਭੱਟੋ, ਕਸ਼ਮੀਰ ਸਿੰਘ ਨੰਗਲੀ ਅਤੇ ਜਨ ਅਧਿਕਾਰ ਕਲਿਆਣ ਕਮੇਟੀ ਦੇ ਪ੍ਰਧਾਨ ਸਮੇਤ ਸਥਾਨਕ ਸਰਪੰਚਾਂ ਅਤੇ ਵਪਾਰੀਆਂ ਨੇ ਹਿਮਾਚਲ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ 1 ਅਪ੍ਰੈਲ ਤੋਂ ਪਹਿਲਾਂ ਇਹ ਫੈਸਲਾ ਵਾਪਸ ਨਾ ਲਿਆ ਗਿਆ ਅਤੇ ਸਰਹੱਦੀ ਇਲਾਕਿਆਂ ਨੂੰ ਇਸ ਟੈਕਸ ਨੀਤੀ ਤੋਂ ਰਾਹਤ ਨਾ ਦਿੱਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਪੱਕਾ ਚੱਕਾ ਜਾਮ ਕੀਤਾ ਜਾਵੇਗਾ। ਆਗੂਆਂ ਨੇ ਇਹ ਵੀ ਕਿਹਾ ਕਿ ਜੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਵੱਲੋਂ ਇਸ ਮਾਮਲੇ ਵਿਚ ਕੋਈ ਹੱਲ ਨਾ ਕੱਢਿਆ ਗਿਆ ਤਾਂ ਪੰਜਾਬ ਵਿੱਚ ਉਨ੍ਹਾਂ ਦੀ ਐਂਟਰੀ ‘ਤੇ ਵੀ ਰੋਕ ਲਗਾਉਣ ਵਰਗੇ ਕੜੇ ਕਦਮ ਚੁੱਕੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਰਾਜਨੀਤਿਕ ਆਗੂ ਇਸ ਸੰਘਰਸ਼ ਦਾ ਸਮਰਥਨ ਕਰ ਰਹੇ ਹਨ ਉਨ੍ਹਾਂ ਦਾ ਸਵਾਗਤ ਹੈ, ਪਰ ਵਿਰੋਧ ਕਰਨ ਵਾਲਿਆਂ ਨਾਲ ਹੁਣ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਸ ਮੌਕੇ ‘ਤੇ ਹਰਮਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਸ਼ਾਹਪੁਰ, ਸੌਦਾਗਰ ਸਿੰਘ, ਜਸਵੀਰ ਸਿੰਘ ਹਨੀ, ਸੁਖਜਿੰਦਰ ਸਿੰਘ, ਰਾਜ ਮੁਹੰਮਦ, ਸਾਬਕਾ ਸਰਪੰਚ ਪਰਮਜੀਤ ਸਿੰਘ, ਸਰਪੰਚ ਕਕਰਾਲਾ ਗੁਰਮੀਤ ਸਿੰਘ, ਸੁਰਿੰਦਰ ਸਿੰਘ ਬੇਦੀ ਸਮੇਤ ਵੱਖ-ਵੱਖ ਆਗੂ ਅਤੇ ਦੁਕਾਨਦਾਰ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ, ਜਿਨ੍ਹਾਂ ਨੇ ਸੰਘਰਸ਼ ਦੀ ਪੂਰੀ ਹਮਾਇਤ ਦਾ ਭਰੋਸਾ ਦਿੱਤਾ।