ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਪੰਜਾਬ ‘ਚ ਭੜਕਿਆ ਗੁੱਸਾ
ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਪੰਜਾਬ ‘ਚ ਭੜਕਿਆ ਗੁੱਸਾ
Publish Date: Fri, 27 Mar 2026 04:38 PM (IST)
Updated Date: Fri, 27 Mar 2026 04:41 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਹਿਮਾਚਲ ਪ੍ਰਦੇਸ਼ ਵੱਲੋਂ ਲਾਗੂ ਕੀਤੇ ਗਏ ਐਂਟਰੀ ਟੈਕਸ ਦੇ ਵਿਰੋਧ ਵਿਚ ਪੰਜਾਬ ਭਰ ਵਿੱਚ ਰੋਸ਼ ਲਗਾਤਾਰ ਤੇਜ਼ ਹੋ ਰਿਹਾ ਹੈ। ਇਸ ਮਸਲੇ ‘ਤੇ ਅੱਜ ਕਿਰਤੀ ਕਿਸਾਨ ਮੋਰਚਾ ਪੰਜਾਬ ਦੀ ਅਗਵਾਈ ਹੇਠ ਜੁਝਾਰੂ ਆਗੂਆਂ ਦੀ ਇਕ ਅਹਿਮ ਮੀਟਿੰਗ ਦੌਰਾਨ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ। ਮੋਰਚੇ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ ਨੇ ਦੱਸਿਆ ਕਿ ਹਿਮਾਚਲ ਸਰਕਾਰ ਦੀ “ਨੀਂਦ ਖੋਲ੍ਹਣ” ਲਈ 1 ਅਪ੍ਰੈਲ ਤੋਂ ਕੀਰਤਪੁਰ ਸਾਹਿਬ–ਮਨਾਲੀ ਨੈਸ਼ਨਲ ਹਾਈਵੇ ‘ਤੇ ਗੜਾਮੋੜ ਟੋਲ ਪੁਆਇੰਟ ਅੱਗੇ ਅਨਿਸ਼ਚਿਤ ਸਮੇਂ ਲਈ ਪੱਕਾ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿਚ ਹੋਰ ਹਮਖਿਆਲੀ ਜਥੇਬੰਦੀਆਂ ਨੂੰ ਵੀ ਨਾਲ ਜੋੜਿਆ ਜਾਵੇਗਾ ਅਤੇ ਮੋਰਚਾ ਅਗਵਾਈ ਭੂਮਿਕਾ ਨਿਭਾਏਗਾ। ਇਸ ਤੋਂ ਪਹਿਲਾਂ, 29 ਮਾਰਚ ਨੂੰ ਭਰਤਗੜ੍ਹ ਸਥਿਤ ਹਿਮਾਚਲ ਐਂਟਰੀ ਪੁਆਇੰਟ ‘ਤੇ ਦੋ ਘੰਟਿਆਂ ਲਈ ਪ੍ਰਤੀਕਾਤਮਕ ਚੱਕਾ ਜਾਮ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਭੱਟੋ ਅਤੇ ਪ੍ਰੀਤਮ ਸਿੰਘ ਰਾਏਪੁਰ ਨੇ ਕਿਹਾ ਕਿ ਹਿਮਾਚਲ ਸਰਕਾਰ ਦੀ ਇਹ ਨੀਤੀ ਇਤਿਹਾਸਕ “ਜਜ਼ੀਆ ਟੈਕਸ” ਦੀ ਯਾਦ ਦਿਵਾਉਂਦੀ ਹੈ, ਜਿਸ ਨਾਲ ਲੋਕਾਂ ਵਿੱਚ ਭਾਰੀ ਨਾਰਾਜ਼ਗੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅਤੇ ਹਿਮਾਚਲ ਦੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਨੀਤੀਆਂ ਕਬੂਲ ਨਹੀਂ ਕੀਤੀਆਂ ਜਾਣਗੀਆਂ। ਆਗੂਆਂ ਨੇ ਮੰਗ ਕੀਤੀ ਕਿ ਐਂਟਰੀ ਟੈਕਸ ਨੂੰ ਤੁਰੰਤ ਰੱਦ ਕੀਤਾ ਜਾਵੇ ਜਾਂ ਘੱਟੋ-ਘੱਟ ਸਰਹੱਦੀ ਪੰਜਾਬੀ ਜ਼ਿਲ੍ਹਿਆਂ ਨੂੰ ਇਸ ਤੋਂ ਛੋਟ ਦਿੱਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦ ਤੱਕ ਮਸਲੇ ਦਾ ਢੰਗ ਨਾਲ ਹੱਲ ਨਹੀਂ ਹੁੰਦਾ, ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿਚ ਬਲਬੀਰ ਸਿੰਘ ਮੁੰਨੇ, ਸੂਬੇਦਾਰ ਜਰਨੈਲ ਸਿੰਘ, ਸੋਹਣ ਸਿੰਘ, ਅਮਰ ਸਿੰਘ ਅਤੇ ਹੋਰ ਕਈ ਆਗੂ ਹਾਜ਼ਰ ਸਨ।