- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਂਜਲਜ਼ ਵਰਲਡ ਸਕੂਲ ਦਾ ਸਾਲਾਨਾ ਸਮਾਗਮ ‘ਪਰਵਾਜ਼–2026’ ਸ਼ਾਨੋ-ਸ਼ੌਕਤ ਨਾਲ ਸੰਪੰਨ

ਜੋਲੀ ਸੂਦ, ਪੰਜਾਬੀ ਜਾਗਰਣ
ਮੋਰਿੰਡਾ : ਏਂਜਲਜ਼ ਵਰਲਡ ਸਕੂਲ ਮੋਰਿੰਡਾ ਵੱਲੋਂ ਵਿਦਿਆਰਥੀਆਂ ਦੀਆਂ ਬਹੁਪੱਖੀ ਪ੍ਰਤਿਭਾਵਾਂ, ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਸੱਭਿਆਚਾਰਕ ਵਿਰਸੇ ਨੂੰ ਮੰਚ ਪ੍ਰਦਾਨ ਕਰਨ ਲਈ ਕਰਵਾਇਆ ਗਿਆ ਸਾਲਾਨਾ ਸਮਾਗਮ ‘ਪਰਵਾਜ਼’ ਟੈਗੋਰ ਥੀਏਟਰ, ਚੰਡੀਗੜ੍ਹ ਵਿਖੇ ਬੜੀ ਸ਼ਾਨੋ-ਸ਼ੌਕਤ, ਉਤਸ਼ਾਹ ਅਤੇ ਉਮੰਗ ਨਾਲ ਸੰਪੰਨ ਹੋਇਆ। ਇੰਜੀਨੀਅਰ ਪਰਵੀਨ ਬਾਂਸਲ ਨੇ ਕੁਸੁਮ ਬਾਂਸਲ ਦੇ ਸਹਿਯੋਗ ਨਾਲ ਸਾਲ 1999 ਵਿਚ ਅਭਿਮਨਿਊ 91ਐਸ ਅਕੈਡਮੀ ਦੀ ਸਥਾਪਨਾ ਕੀਤੀ। ਪਿਛਲੇ ਕਈ ਸਾਲਾਂ ਦੌਰਾਨ ਅਕੈਡਮੀ ਨੇ ਸਿਵਲ ਸਰਵਿਸਿਜ਼ ਦੀ ਤਿਆਰੀ ਦੇ ਖੇਤਰ ਵਿਚ ਇੱਕ ਵਿਲੱਖਣ ਮੁਕਾਮ ਹਾਸਲ ਕੀਤਾ ਹੈ। ਸਮਾਗਮ ਦੌਰਾਨ ਭਾਰਤੀ ਅਤੇ ਪੰਜਾਬੀ ਸੱਭਿਆਚਾਰ ਦੀ ਸੁੰਦਰ ਝਲਕ ਪੇਸ਼ ਕਰਦਿਆਂ ਸ਼ਿਵ ਵੰਦਨਾ, ਪੰਜਾਬੀ ਗੀਤਾਂ ਦਾ ਰੰਗ ਮੰਚ , ਭੰਗੜਾ ਅਤੇ ਗਿੱਧਾ ਵਰਗੀਆਂ ਪੇਸ਼ਕਾਰੀਆਂ ਨੇ ਸਮਾਗਮ ਵਿੱਚ ਰੰਗ ਭਰ ਦਿੱਤੇ। ਇਸ ਦੇ ਨਾਲ ਹੀ ਸਕੇਟਿੰਗ ਅਤੇ ਕਰਾਟੇ ਦੀਆਂ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਖੇਡ-ਕੁਸ਼ਲਤਾ, ਸਰੀਰਕ ਫਿਟਨੈੱਸ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ਦੌਰਾਨ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਨੂੰ ਸਨਮਾਨਿਤ ਕਰਦਿਆਂ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਗਿਆ। ਮੁੱਖ ਮਹਿਮਾਨ ਪਰਵੀਨ ਬਾਂਸਲ ਨੇ ਹੋਣਹਾਰ ਵਿਦਿਆਰਥੀਆਂ ਨੂੰ ਜਮਾਤ ਦਸਵੀਂ ਅਤੇ ਬਾਰਵੀਂ ਵਿਚ ਪਹਿਲੀ ਦੂਜੀ ਅਤੇ ਤੀਜੀ ਪੁਜੀਸ਼ਨਾਂ ਹਾਸਲ ਕਰਨ ਵਾਲੇ, 100% ਹਾਜਰੀ, ਖੇਡਾਂ, ਗੀਤ ਸੰਗੀਤ ਦੀ ਦੁਨੀਆਂ ਵਿਚ ਨਾਮ ਖੱਟਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਪ੍ਰਦਾਨ ਕਰਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਯੂਐੱਸ. ਢਿੱਲੋਂ ਨੇ ਸਮਾਗਮ ਦੀ ਸਫ਼ਲਤਾ ’ਤੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ, ਸਿੱਖਿਆ ਦਾ ਅਸਲ ਮਕਸਦ ਬੱਚਿਆਂ ਦੀ ਸਰਵਪੱਖੀ ਸ਼ਖ਼ਸੀਅਤ ਦਾ ਨਿਰਮਾਣ ਕਰਨਾ ਹੈ। ਅੱਜ ਸਾਡੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਰਚਨਾਤਮਕਤਾ ਨਾਲ ਇਹ ਸਾਬਤ ਕੀਤਾ ਹੈ ਕਿ ਹਰ ਬੱਚੇ ਅੰਦਰ ਇੱਕ ਵਿਲੱਖਣ ਸਮਰੱਥਾ ਮੌਜੂਦ ਹੈ। ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਨੂੰ ਉਹ ਮੰਚ ਅਤੇ ਮੌਕੇ ਪ੍ਰਦਾਨ ਕਰੀਏ, ਜਿਨ੍ਹਾਂ ਰਾਹੀਂ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਦੀਪਿਕਾ ਸ਼ਰਮਾ ਨੇ ਕਿਹਾ ਕਿ ਪਰਵਾਜ਼–2026 ਸਾਡੇ ਬੱਚਿਆਂ ਦੇ ਸੁਪਨਿਆਂ, ਕਲਪਨਾ ਅਤੇ ਪ੍ਰਤਿਭਾ ਦਾ ਸੁੰਦਰ ਪ੍ਰਗਟਾਵਾ ਹੈ। ਬੱਚਿਆਂ ਨੂੰ ਜਦੋਂ ਆਪਣੀ ਸਮਰੱਥਾ ਦਿਖਾਉਣ ਲਈ ਸਹੀ ਮੰਚ ਮਿਲਦਾ ਹੈ ਤਾਂ ਉਨ੍ਹਾਂ ਦਾ ਆਤਮ-ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ।