ਐੱਨਸੀਸੀ ਕੈਂਪ ’ਚ ਡਰਿੱਲ, ਡਰੋਨ ਤਕਨਾਲੋਜੀ, ਨੇਵਲ ਸਿਖਲਾਈ ਤੇ ਖੇਡ ਮੁਕਾਬਲੇ ਕਰਵਾਏ ਐੱਨਸੀਸੀ ਕੈਂਪ ਵਿਚ ਡਰਿੱਲ, ਡਰੋਨ ਤਕਨਾਲੋਜੀ, ਨੇਵਲ ਸਿਖਲਾਈ ਅਤੇ ਖੇਡ ਮੁਕਾਬਲੇ ਕਰਵਾਏ
Publish Date: Sun, 29 Nov 2026 07:06 PM (IST)
Updated Date: Sun, 29 Nov 2026 07:07 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : 1 ਪੰਜਾਬ ਨੇਵਲ ਯੂਨਿਟ ਐੱਨਸੀਸੀ. ਨਯਾ ਨੰਗਲ ਵੱਲੋਂ ਐੱਨਸੀਸੀ ਅਕੈਡਮੀ ਰੂਪਨਗਰ ਵਿਖੇ 24 ਨਵੰਬਰ ਤੋਂ 3 ਦਸੰਬਰ 2026 ਤੱਕ ਲਗਾਏ ਜਾ ਰਹੇ ਦਸ ਰੋਜ਼ਾ ਸੀਨੀਅਰ ਡਿਵੀਜ਼ਨ ਸਾਂਝੇ ਸਾਲਾਨਾ ਸਿਖਲਾਈ ਕੈਂਪ ਦੌਰਾਨ ਤੀਜੇ ਤੋਂ ਛੇਵੇਂ ਦਿਨ ਤੱਕ ਵੱਖ-ਵੱਖ ਸਿਖਲਾਈ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਕੈਡਿਟਾਂ ਨੂੰ ਡਰਿੱਲ, ਰੋਇੰਗ ਸਿਮੂਲੇਟਰ, ਡਰੋਨ ਤਕਨਾਲੋਜੀ ਤੇ ਸ਼ਿਪ ਮਾਡਲਿੰਗ ਦੀ ਸਿਧਾਂਤਕ ਤੇ ਵਿਹਾਰਕ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ .22 ਰਾਈਫਲ ਦੀ ਫਾਇਰਿੰਗ ਸਿਖਲਾਈ ਤੇ ਫਾਇਰ ਫਾਈਟਿੰਗ (ਅੱਗ ਬੁਝਾਉਣ) ਦੀਆਂ ਵਿਸ਼ੇਸ਼ ਕਲਾਸਾਂ ਵੀ ਲਗਾਈਆਂ ਗਈਆਂ। ਸਿਖਲਾਈ ਦੇ ਨਾਲ-ਨਾਲ ਕੈਡਿਟਾਂ ਨੇ ਵਾਲੀਬਾਲ ਤੇ ਰੱਸਾਕਸ਼ੀ ਦੇ ਖੇਡ ਮੁਕਾਬਲਿਆਂ ’ਚ ਵੀ ਪੂਰੇ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ ਸ਼ਿਪ ਮਾਡਲਿੰਗ ਦੀ ਵਿਸ਼ੇਸ਼ ਸਿਖਲਾਈ ਦੇਣ ਲਈ 3 ਪੰਜਾਬ ਨੇਵਲ ਯੂਨਿਟ ਬਠਿੰਡਾ ਤੋਂ ਸ਼ਿਪ ਮਾਡਲਿੰਗ ਇੰਸਟ੍ਰਕਟਰ ਲਾਲ ਬਹਾਦਰ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਉਨ੍ਹਾਂ ਨੇ ਕੈਡਿਟਾਂ ਨੂੰ ਸ਼ਿਪ ਮਾਡਲਿੰਗ ਦੀ ਮਹੱਤਤਾ, ਇਸ ਦੀਆਂ ਤਕਨੀਕੀ ਬਾਰੀਕੀਆਂ ਤੇ ਮਾਡਲ ਤਿਆਰ ਕਰਨ ਦੀ ਪੂਰੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੈਂਪ ਕਮਾਂਡੈਂਟ ਕੈਪਟਨ ਐੱਚਐੱਸ. ਦਿਓਲ ਤੇ ਡਿਪਟੀ ਕੈਂਪ ਕਮਾਂਡੈਂਟ ਲੈਫਟੀਨੈਂਟ ਕਮਾਂਡਰ ਸ਼ਿਵਮ ਅਗਰਵਾਲ ਦੀ ਅਗਵਾਈ ਹੇਠ ਇਹ ਸਾਰੀਆਂ ਗਤੀਵਿਧੀਆਂ ਸੁਚਾਰੂ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ, ਜਦਕਿ ਏਐੱਨਓ, ਸੀਟੀਓ, ਜੀਸੀਆਈ ਤੇ ਪੀ.ਆਈ. ਸਟਾਫ਼ ਵੱਲੋਂ ਕੈਡਿਟਾਂ ਨੂੰ ਨਿਰੰਤਰ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ।